ਲੁਧਿਆਣਾ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਇੱਕ ਪੁਲਿਸ ਚੌਕੀ ‘ਤੇ ਇੱਕ ਵਿਅਕਤੀ ਤੋਂ 200 ਰੁਪਏ ਦੀ ਰਿਸ਼ਵਤ ਲੈਣ ਦੇ ਜ਼ੁਰਮ ਵਿੱਚ ਇੱਕ ਹੋਮਗਾਰਡ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਡਾਕਟਰ ਅਜੀਤ ਅੱਤਰੀ ਨੇ ਮੁਲਜ਼ਮ ਹੋਮਗਾਰਡ ਨੂੰ 2000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੁਰਮਾਨਾ ਨਾ ਭਰਨ ‘ਤੇ 30 ਦਿਨਾਂ ਦੀ ਹੋਰ ਕੈਦ ਕੱਟਣੀ ਪਵੇਗੀ।
ਸੂਚਨਾ ਦੇ ਅਨੁਸਾਰ ਇਸ ਕੇਸ ਦੀ ਸ਼ਿਕਾਇਤ ਰਣਜੀਤ ਰਾਏ ਨਾਂ ਦੇ ਵਿਅਕਤੀ ਨੇ ਕੀਤੀ ਸੀ। ਰਣਜੀਤ ਰਾਏ ਨੇ ਇਲਜਾਮ ਲਗਾਇਆ ਸੀ ਕਿ 1 ਦਸੰਬਰ 2014 ਨੂੰ ਦੁਪਹਿਰ ਕਰੀਬ 2.30 ਵਜੇ ਉਹ ਹੌਂਡਾ ਅਮੇਜ਼ ਗੱਡੀ ਵਿੱਚ ਕਿਸੇ ਕੰਮ ਦੇ ਲਈ ਜਗਰਾਉਂ ਵੱਲ ਜਾ ਰਿਹਾ ਸੀ। ਜਦੋਂ ਉਹ ਚਾਰ-ਪੰਜ ਵਿਅਕਤੀਆਂ ਦੇ ਨਾਕੇ/ਬੈਰੀਅਰ ‘ਤੇ ਨੇੜੇ ਗਿਆ ਤਾਂ PHG ਸੁਰਿੰਦਰ ਸਿੰਘ ਨੇ ਉਸ ਨੂੰ ਰੋਕ ਦਿੱਤਾ । ਉਸ ਨਾਕੇ ‘ਤੇ ਕੁਝ ਹੋਰ ਗੱਡੀਆਂ ਵੀ ਰੋਕੀਆਂ ਗਈਆਂ ਸੀ।
PHG ਸੁਰਿੰਦਰ ਸਿੰਘ ਨੇ ਉਸ ਨੂੰ ਗੱਡੀ ਵਿੱਚੋਂ ਬਾਹਰ ਆਉਣ ਲਈ ਕਿਹਾ। ਫਿਰ ਅੱਗੇ ਕਿਹਾ ਕਿ ਉਹ ਉਸ ਦਾ ਚਲਾਨ ਕੱਟ ਦੇਣਗੇ ਅਤੇ ਉਸ ਨੂੰ ਨਾਕਾ ਇੰਚਾਰਜ ਕੋਲ ਪਹੁੰਚਣਾ ਪੈਣਾ ਹੈ। ਉਸ ਵੇਲੇ ਉਸ ਦੀ ਨਜ਼ਰ ਬਾਕੀ ਪੁਲਿਸ ਅਧਿਕਾਰੀਆਂ ਤੇ ਗਈ ਤੇ ਸਾਰੇ ਲੋਕਾਂ ਤੋਂ ਪੈਸੇ ਲੈ ਰਹੇ ਸੀ । ਇਸ ਦੌਰਾਨ PHG ਸੁਰਿੰਦਰ ਸਿੰਘ ਨੇ ਉਸ ਨੂੰ 200 ਰੁਪਏ ਦੇਣ ਲਈ ਆਖਿਆ । ਇਸ ’ਤੇ ਉਸ ਨੇ ਤੁਰੰਤ PHG ਸੁਰਿੰਦਰ ਸਿੰਘ ਨੂੰ ਪੈਸੇ ਦਿੱਤੇ। ਜਿਸ ਤੋਂ ਬਾਅਦ ਉਸ ਨੂੰ ਅੱਗੇ ਜਾਣ ਦਿੱਤਾ ਗਿਆ।
ਰਣਜੀਤ ਰਾਏ ਨੇ ਕਿਹਾ ਕਿ 100 ਰੁਪਏ ਦੇ ਦੋ ਨੋਟਾਂ ‘ਤੇ ਉਸ ਨੇ ਨਿਸ਼ਾਨ ਲਗਾਇਆ ਹੋਇਆ ਸੀ। ਕਿਉਂਕਿ ਉਹ ਆਪਣੇ ਪਰਸ ਵਿੱਚ ਸਾਰੇ ਨੋਟਾਂ ਤੇ ਨਿਸ਼ਾਨ ਲੈ ਕੇ ਰੱਖਦਾ ਸੀ। ਸ਼ਿਕਾਇਤ ਕਰਨ ਵੇਲੇ ਵਿਅਕਤੀ ਨੇ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ‘ਚ ਇਸ ਮਾਮਲੇ ‘ਚ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਗਿਆ। ਸਾਰੇ ਮਾਮਲੇ ਦੀ ਜਾਂਚ ਦੌਰਾਨ ਤਤਕਾਲੀ DSP ਦਾਖਾ ਨੇ PHG ਸੁਰਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਰੁਪਏ ਦੇ ਦੋ ਨੋਟ ਮਿਲੇ। ਫਿਰ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਉਸ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ। ਕੋਰਟ ਨੇ ਸਾਰੇ ਸਬੂਤ ਦੇਖਣ ਤੋਂ ਬਾਅਦ ਚਾਰ ਸਾਲ ਦੀ ਸਜ਼ਾ ਸੁਣਾਈ ਹੈ।