ਹਾਕੀ ਵਿਸ਼ਵ ਕੱਪ ਸ਼ੁਰੂ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ। ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੱਲ੍ਹ ਯਾਨੀ 13 ਜਨਵਰੀ ਤੋਂ ਚੌਥੀ ਵਾਰ ਭਾਰਤ ਵਿੱਚ ਹੋਣ ਜਾ ਰਹੀ ਹੈ। ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਓਡੀਸ਼ਾ ਦੇ ਰੋਰਕੇਲਾ ਅਤੇ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ। ਭੁਵਨੇਸ਼ਵਰ ਦੇਸ਼ ਦਾ ਇਕਲੌਤਾ ਸ਼ਹਿਰ ਹੈ ਜਿਸ ਨੇ ਦੂਜੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। 2018 ਵਿਸ਼ਵ ਕੱਪ ਵੀ ਇੱਥੇ ਹੀ ਹੋਇਆ ਸੀ। ਭਾਰਤ ਇਸ ਤੋਂ ਪਹਿਲਾਂ ਮੁੰਬਈ ਅਤੇ ਨਵੀਂ ਦਿੱਲੀ ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ।
ਤੁਹਾਨੂੰ ਦੱਸ ਦੇਈਏ ਕਿ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ 29 ਜਨਵਰੀ ਨੂੰ ਖੇਡਿਆ ਜਾਵੇਗਾ। ਦੁਨੀਆ ਭਰ ਦੀਆਂ 16 ਟੀਮਾਂ ਖਿਤਾਬ ‘ਤੇ ਕਬਜ਼ਾ ਕਰਨ ਲਈ ਇਸ ‘ਚ ਭਿੜਨਗੀਆਂ। ਇਸ ਵਿਸ਼ਵ ਕੱਪ ਵਿੱਚ ਕੁੱਲ 44 ਮੈਚ ਖੇਡੇ ਜਾਣਗੇ। ਇਸ ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਕਮਾਨ ਹਰਮਨਪ੍ਰੀਤ ਸਿੰਘ ਸੰਭਾਲ ਰਹੇ ਹਨ। ਇਸ ਦੀਆਂ ਤਿਆਰੀਆਂ ਸੂਬੇ ‘ਚ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਅਤੇ 11 ਜਨਵਰੀ ਦਿਨ ਬੁੱਧਵਾਰ ਨੂੰ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ।