ਪੁਰੀ (ਰਾਘਵ): ਓਡੀਸ਼ਾ ਤੋਂ ਖਬਰ ਆ ਰਹੀ ਹੈ ਕਿ ਭਾਜਪਾ ਉਮੀਦਵਾਰ ਸੰਬਿਤ ਪਾਤਰਾ ਨੇ ਹਾਲ ਹੀ ‘ਚ ਇਕ ਬਿਆਨ ਦਿੱਤਾ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਭਗਵਾਨ ਜਗਨਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤ ਹਨ। ਇਸ ਬਿਆਨ ਤੋਂ ਬਾਅਦ ਉਸ ਨੇ ਆਪਣੀ ਗਲਤੀ ਮੰਨਦਿਆਂ ਮੁਆਫੀ ਮੰਗੀ ਅਤੇ ਪਸ਼ਚਾਤਾਪ ਵਜੋਂ ਤਿੰਨ ਦਿਨ ਵਰਤ ਰੱਖਣ ਦਾ ਐਲਾਨ ਕੀਤਾ।
ਬਿਆਨ ਦੇਣ ਤੋਂ ਥੋੜ੍ਹੀ ਦੇਰ ਬਾਅਦ, ਸੰਬਿਤ ਪਾਤਰਾ ਨੇ ਰਾਤ 1 ਵਜੇ ਇੱਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ‘ਚ ਉਨ੍ਹਾਂ ਨੇ ਕਿਹਾ, “ਅੱਜ ਮੇਰਾ ਦਿਲ ਮਹਾਪ੍ਰਭੂ ਜਗਨਨਾਥ ਦੇ ਬਾਰੇ ‘ਚ ਹੋਈ ਗਲਤੀ ਤੋਂ ਦੁਖੀ ਹੈ। ਮੈਂ ਜਗਨਨਾਥ ਦੇ ਚਰਨਾਂ ‘ਚ ਸਿਰ ਝੁਕਾਉਂਦਾ ਹਾਂ ਅਤੇ ਮੁਆਫੀ ਮੰਗਦਾ ਹਾਂ ਅਤੇ ਅਗਲੇ ਤਿੰਨ ਦਿਨਾਂ ਤੱਕ ਵਰਤ ਰੱਖ ਕੇ ਪਛਤਾਵਾਂਗਾ।”
ਇਸ ਘਟਨਾ ਤੋਂ ਬਾਅਦ ਪਾਤਰਾ ਦੇ ਬਿਆਨ ‘ਤੇ ਕਈ ਸਿਆਸੀ ਹਸਤੀਆਂ ਨੇ ਇਤਰਾਜ਼ ਜਤਾਇਆ ਸੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਇਸ ਨੂੰ ਗਲਤ ਦੱਸਿਆ ਹੈ।
ਇਹ ਬਿਆਨ ਅਤੇ ਇਸ ਦਾ ਪ੍ਰਤੀਕਰਮ 20 ਮਈ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਪੁਰੀ ਵਿੱਚ ਇੱਕ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਪੁਰੀ ਲੋਕ ਸਭਾ ਸੀਟ ਲਈ 25 ਮਈ ਨੂੰ ਵੋਟਿੰਗ ਹੋਣ ਜਾ ਰਹੀ ਹੈ ਅਤੇ ਇਸ ਘਟਨਾਕ੍ਰਮ ਨਾਲ ਚੋਣ ਮਾਹੌਲ ਵਿੱਚ ਹੋਰ ਭੰਬਲਭੂਸਾ ਪੈਦਾ ਹੋ ਸਕਦਾ ਹੈ।