ਸਲਮਾਨ ਖਾਨ ਨੂੰ ਧਮਕੀ ਵਾਲੇ ਈਮੇਲ ਭੇਜਣ ਵਾਲਾ ਨੌਜਵਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਈ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਰਾਮ ਬਿਸ਼ਨੋਈ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਉਮਰ ਸਿਰਫ਼ 21 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੂੰ ਜਾਂਚ ਕਰਨ ਤੋਂ ਬਾਅਦ ਖ਼ਬਰ ਮਿਲੀ ਕਿ ਇਹ ਈਮੇਲ ਜੋਧਪੁਰ (ਰਾਜਸਥਾਨ) ਤੋਂ ਭੇਜੀ ਗਈ ਸੀ।
ਕੁਝ ਦਿਨ ਪਹਿਲਾ ਸਲਮਾਨ ਖਾਨ ਦੇ ਮੈਨੇਜਰ ਜੋਰਡੀ ਪਟੇਲ ਨੂੰ ਧਮਕੀ ਵਾਲੀ ਈਮੇਲ ਆਈ ਸੀ। ਉਸ ਈਮੇਲ ਵਿੱਚ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਸੀ।
ਮੁੰਬਈ ਪੁਲਿਸ FIR ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ। ਉਸ ਸਮੇਂ ਹੀ ਜੋਧਪੁਰ ਤੋਂ ਸੂਚਨਾ ਮਿਲੀ ਕਿ ਇਹ ਈਮੇਲ ਜੋਧਪੁਰ ਤੋਂ ਕਿਸੇ ਵਿਅਕਤੀ ਵੱਲੋ ਭੇਜੀ ਗਈ ਹੈ। ਜੋਧਪੁਰ ਦੇ ਲੁਨੀ ਥਾਣੇ ਦੇ ਐਸਐਚਓ ਈਸ਼ਵਰ ਚੰਦ ਪਾਰੀਕ ਨੇ ਇਹ ਸੂਚਨਾ ਦਿੱਤੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਇਸ ਘਟਨਾ ਬਾਰੇ ਸਾਰੀ ਸੂਚਨਾ ਜੋਧਪੁਰ ਪੁਲਿਸ ਨੂੰ ਭੇਜੀ।
ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਕਿ ਜੋਧਪੁਰ ਦੇ ‘ਸਿਆਗੋ ਕੀ ਢਾਣੀ’ ਦੇ ਨਿਵਾਸੀ 21 ਸਾਲਾ ਰਾਮ ਬਿਸ਼ਨੋਈ ਨੇ ਈਮੇਲ ਭੇਜੀ ਸੀ। ਜਦੋ ਹੀ ਰਾਮ ਬਿਸ਼ਨੋਈ ਦਾ ਪਤਾ ਲੱਗਾ ਤਾਂ ਬਾਂਦਰਾ ਪੁਲਿਸ ਦੇ ਇਕ ਸਬ-ਇੰਸਪੈਕਟਰ ਅਤੇ ਜੋਧਪੁਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ। ਹੁਣ ਦੋਸ਼ੀ ਨੂੰ ਜੋਧਪੁਰ ਤੋਂ ਮੁੰਬਈ ਲਿਆਉਣ ਦੀ ਤਿਆਰੀ ਕਰ ਰਹੇ ਹਨ।
ਦੋਸ਼ੀ ਰਾਮ ਬਿਸ਼ਨੋਈ ਖ਼ਿਲਾਫ਼ ਅਸਲਾ ਐਕਟ ਦਾ ਕੇਸ ਵੀ ਦਰਜ ਹੈ। ਉਸਨੂੰ ਸਰਦਾਰਪੁਰਾ ਪੁਲਿਸ ਨੇ 12 ਸਤੰਬਰ 2022 ਨੂੰ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।