ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ 20 ਓਵਰਾਂ ‘ਚ ਦੋ ਵਿਕਟਾਂ ‘ਤੇ 167 ਦੌੜਾਂ ਬਣਾਈਆਂ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ ਚਾਰ ਵਿਕਟਾਂ ‘ਤੇ 111 ਦੌੜਾਂ ਹੀ ਬਣਾ ਸਕੀ। ਭਾਰਤ ਲਈ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਅਤੇ ਮੰਧਾਨਾ ਨੇ 33 ਦੌੜਾਂ ਦੀ ਸਾਂਝੇਦਾਰੀ ਕੀਤੀ।ਭਾਟੀਆ ਨੂੰ ਆਫ ਸਪਿੰਨਰ ਕਰਿਸ਼ਮਾ ਰਾਮਹਰਕ ਨੇ 18 ਦੌੜਾਂ ‘ਤੇ ਆਊਟ ਕੀਤਾ। ਉਹ ਉੱਚਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਵਿਕਟਕੀਪਰ ਰਸ਼ਦਾ ਵਿਲੀਅਮਜ਼ ਨੂੰ ਕੈਚ ਦੇ ਕੇ ਵਾਪਸ ਪਰਤੀ।
ਹਰਲੀਨ ਦਿਓਲ ਜ਼ਿਆਦਾ ਦੇਰ ਟਿਕ ਨਹੀਂ ਸਕੀ ਅਤੇ ਤੇਜ਼ ਗੇਂਦਬਾਜ਼ ਸ਼ਨੀਕਾ ਬਰੂਸ ਦੇ ਹੱਥੋਂ ਪੈਰਾਂ ‘ਤੇ ਫਸ ਗਈ। 52 ਦੌੜਾਂ ‘ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਮੰਧਾਨਾ ਅਤੇ ਹਰਮਨਪ੍ਰੀਤ ਨੇ ਪਾਰੀ ਨੂੰ ਸੰਭਾਲਿਆ। ਖਰਾਬ ਸਿਹਤ ਕਾਰਨ ਪਹਿਲੇ ਮੈਚ ‘ਚ ਬਾਹਰ ਹੋਈ ਹਰਮਨਪ੍ਰੀਤ ਨੇ 35 ਗੇਂਦਾਂ ‘ਚ ਅੱਠ ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਮੰਧਾਨਾ ਨੇ 51 ਗੇਂਦਾਂ ਵਿੱਚ 74 ਦੌੜਾਂ ਬਣਾਈਆਂ। ਦੋਵਾਂ ਨੇ ਕਰੀਬ 12 ਓਵਰ ਕ੍ਰੀਜ਼ ‘ਤੇ ਖੜ੍ਹੇ ਹੋ ਕੇ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ। ਮੰਧਾਨਾ ਨੇ ਆਪਣੀ ਪਾਰੀ ਵਿੱਚ ਦਸ ਚੌਕੇ ਅਤੇ ਇੱਕ ਛੱਕਾ ਲਗਾਇਆ। ਗੇਂਦਬਾਜ਼ੀ ਵਿੱਚ ਸਪਿੰਨਰ ਰਾਧਾ ਯਾਦਵ ਨੇ ਚਾਰ ਓਵਰਾਂ ਵਿੱਚ ਸਿਰਫ਼ ਦਸ ਦੌੜਾਂ ਦੇ ਕੇ ਸ਼ੇਮੇਨ ਕੈਂਪਬੈਲ (47) ਦਾ ਵਿਕਟ ਲਿਆ। ਵੈਸਟਇੰਡੀਜ਼ ਦਾ ਸਕੋਰ ਚਾਰ ਵਿਕਟਾਂ ’ਤੇ 96 ਦੌੜਾਂ ਸੀ ਜਦੋਂ ਸਿਰਫ਼ 15 ਗੇਂਦਾਂ ਬਾਕੀ ਸਨ। ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।