ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਦੇ ਮਤੇ ‘ਤੇ ਚਰਚਾ ਹੋ ਸਕਦੀ ਹੈ, ਜਿਸ ਕਾਰਨ ਸੈਸ਼ਨ ਕਾਫ਼ੀ ਹੰਗਾਮੇ ਵਾਲਾ ਬਣ ਸਕਦਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਸੀਐਮ ਮਾਨ ਨੇ ਭਾਜਪਾ ‘ਤੇ ਹਾਰਸ-ਟ੍ਰੇਡਿੰਗ ਦਾ ਦੋਸ਼ ਲਾਉਂਦੇ ਹੋਏ ਭਰੋਸੇ ਦਾ ਮਤਾ ਪੇਸ਼ ਕੀਤਾ ਸੀ। ਇਜਲਾਸ ਦੇ ਆਖਰੀ ਦਿਨ ਯਾਨੀ 3 ਅਕਤੂਬਰ ਨੂੰ ਇਸ ‘ਤੇ ਵੀ ਵੋਟਿੰਗ ਹੋਵੇਗੀ।
ਪੰਜਾਬ ਸਰਕਾਰ ਤੇ ਵਿਰੋਧੀ ਆਹਮੋ-ਸਾਹਮਣੇ
ਦੱਸ ਦੇਈਏ ਕਿ ਭਰੋਸੇ ਦੇ ਮਤੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਆਹਮੋ-ਸਾਹਮਣੇ ਆ ਗਏ ਹਨ। ਸੈਸ਼ਨ ਦੀ ਕਾਰਵਾਈ ਦੇ ਪਹਿਲੇ ਹੀ ਦਿਨ ਇਸ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਜਿਸ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੀ ਗਈ, ਜਦਕਿ ਕਾਂਗਰਸੀ ਵਿਧਾਇਕਾਂ ਨੂੰ ਵੀ ਸਪੀਕਰ ਵੱਲੋਂ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਭਰੋਸੇ ਦੇ ਮਤੇ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਮਤਾ ਲਿਆਉਣ ਲਈ ਕੋਈ ਕਾਨੂੰਨ ਵਿਵਸਥਾ ਨਹੀਂ ਹੈ।