ਲੁਧਿਆਣਾ ਦੇ ਨੇੜੇ ਸਮਰਾਲਾ ‘ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਜਨਮਦਿਨ ਦੀ ਪਾਰਟੀ ਦੀ ਖੁਸ਼ੀ ‘ਚ ਹਵਾ ਚ ਗੋਲੀਆਂ ਚਲਾ ਦਿੱਤੀਆਂ ਸੀ।ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਰੀ ਘਟਨਾ ਕੈਦ ਹੋ ਗਈ ਸੀ ।ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਪਿਸਤੌਲ ਵੀ ਫੜ ਲਿਆ ਹੈ।
ਪੁਲਿਸ ਨੂੰ ਦੇਰ ਰਾਤ ਜਾਣਕਾਰੀ ਮਿਲੀ ਸੀ ਕਿ ਚਾਵਾ ਰੋਡ ’ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਝ ਨੌਜਵਾਨ ਚਿਕਨ ਕਾਰਨਰ ‘ਤੇ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ । ਇਸ ਦੌਰਾਨ ਪਾਰਟੀ ਵਿੱਚ ਦੋ ਨੌਜਵਾਨਾਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ । ਦੋਵਾਂ ਨੌਜਵਾਨਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ । ਪੁਲਿਸ ਦੇ ਅਨੁਸਾਰ ਸੀਆਰਪੀਸੀ ਦੀ ਧਾਰਾ 144 ਦੇ ਆਧਾਰ ਤੇ ਕੋਈ ਵੀ ਵਿਅਕਤੀ ਹਥਿਆਰ ਨਾਲ ਲੈ ਕੇ ਘੁੰਮ ਨਹੀਂ ਸਕਦਾ।
ਇਹ ਘਟਨਾ ਬਿੱਟੂ ਚਿਕਨ ਕਾਰਨਰ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਜਗਦੀਪ ਸਿੰਘ ਅਤੇ ਗੁਰਦੀਪ ਲਾਲ ਵਜੋਂ ਕੀਤੀ ਗਈ ਹੈ | ਦੋਸ਼ੀਆਂ ਕੋਲੋਂ 32 ਬੋਰ ਦੀ ਪਿਸਤੌਲ ਪੁਲਿਸ ਨੇ ਕਾਬੂ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ |