ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਪੱਟ ਦੀ ਸੱਟ ਕਾਰਨ ਕਾਊਂਟੀ ਚੈਂਪੀਅਨਸ਼ਿਪ ਦੇ ਮੌਜੂਦਾ ਸੈਸ਼ਨ ‘ਚ ਹੁਣ ਹਿੱਸਾ ਨਹੀਂ ਲੈ ਸਕਣਗੇ। ਉਮੇਸ਼ ਯਾਦਵ ਦੇ ਕਲੱਬ ਮਿਡਲਸੈਕਸ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮਿਡਲਸੈਕਸ ਨੇ ਟਵੀਟ ਕੀਤਾ, ‘ਸਾਨੂੰ ਇਹ ਐਲਾਨ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਉਮੇਸ਼ ਯਾਦਵ ਸੀਜ਼ਨ ਦੇ ਆਖਰੀ ਦੋ ਮੈਚਾਂ ਲਈ ਮਿਡਲਸੈਕਸ ਟੀਮ ‘ਚ ਵਾਪਸੀ ਨਹੀਂ ਕਰ ਸਕਣਗੇ ਕਿਉਂਕਿ ਉਹ ਅਜੇ ਵੀ ਪੱਟ ਦੀ ਸੱਟ ਤੋਂ ਉਭਰ ਰਹੇ ਹਨ। ਤੁਸੀਂ ਜਲਦੀ ਠੀਕ ਹੋ ਜਾਓ।’ ਉਮੇਸ਼ ਯਾਦਵ ਸੱਟ ਕਾਰਨ ਭਾਰਤ ਵਾਪਸ ਪਰਤਿਆ ਹੈ ਅਤੇ ਫਿਲਹਾਲ ਰੀਹੈਬ ਕਰ ਰਿਹਾ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਮੇਸ਼ ਦੀ ਸੱਟ ਦੀ ਨਿਗਰਾਨੀ ਕਰ ਰਹੀ ਹੈ।
ਰਾਇਲ ਲੰਡਨ ਕੱਪ ‘ਚ ਗਲੋਸਟਰਸ਼ਾਇਰ ਖਿਲਾਫ ਮਿਡਲਸੈਕਸ ਦੇ ਆਖਰੀ ਘਰੇਲੂ ਮੈਚ ‘ਚ ਖੇਡਦੇ ਹੋਏ ਉਮੇਸ਼ ਯਾਦਵ ਨੂੰ ਸੱਟ ਲੱਗਣ ਤੋਂ ਬਾਅਦ ਮੈਦਾਨ ਛੱਡਣਾ ਪਿਆ ਸੀ। ਹੁਣ ਉਮੇਸ਼ ਯਾਦਵ ਅਗਲੇ ਹਫਤੇ ਲੈਸਟਰ ਦੀ ਯਾਤਰਾ ਤੋਂ ਪਹਿਲਾਂ 17 ਸਤੰਬਰ ਨੂੰ ਲੰਡਨ ਪਰਤਣ ਵਾਲੇ ਸਨ। ਪਰ ਸੱਟ ਕਾਰਨ ਉਹ ਚਾਰ ਦਿਨਾਂ ਦੀ ਖੇਡ ਵਿੱਚ ਲੋੜੀਂਦੇ ਕੰਮ ਦੇ ਬੋਝ ਨੂੰ ਸੰਭਾਲਣ ਲਈ ਕਾਫੀ ਠੀਕ ਨਹੀਂ ਹੋ ਸਕਿਆ, ਇਸ ਲਈ ਉਹ ਬਾਕੀ ਮੈਚਾਂ ਲਈ ਯੂ.ਕੇ. ਵਾਪਸ ਨਹੀਂ ਆ ਸਕੇਗਾ।