ਨਵੀਂ ਦਿੱਲੀ (ਸਕਸ਼ਮ): ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਮੁਤਾਬਕ ਇਸ ਸਾਲ ਮਾਨਸੂਨ ਆਪਣੀ ਆਮ ਤਰੀਕ ਤੋਂ ਇਕ ਦਿਨ ਪਹਿਲਾਂ ਕੇਰਲ ‘ਚ ਦਸਤਕ ਦੇਵੇਗਾ। ਮਾਨਸੂਨ ਦੇ ਕੇਰਲ ਵਿੱਚ 31 ਮਈ ਨੂੰ ਪਹੁੰਚਣ ਦੀ ਸੰਭਾਵਨਾ ਹੈ, ਜਦੋਂ ਕਿ ਇਹ ਤਾਰੀਖ ਆਮ ਤੌਰ ‘ਤੇ 1 ਜੂਨ ਹੁੰਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਦੇਰ ਰਾਤ ਇਹ ਐਲਾਨ ਕੀਤਾ ਸੀ।
ਮਾਨਸੂਨ ਦੇ 16 ਤੋਂ 21 ਜੂਨ ਦਰਮਿਆਨ ਮੱਧ ਪ੍ਰਦੇਸ਼ ਅਤੇ 25 ਜੂਨ ਤੋਂ 6 ਜੁਲਾਈ ਦਰਮਿਆਨ ਰਾਜਸਥਾਨ ਪਹੁੰਚਣ ਦੀ ਸੰਭਾਵਨਾ ਹੈ। ਇਸ ਵਾਰ ਮਾਨਸੂਨ ਦੀ ਚਾਲ ਵਿੱਚ ਕੋਈ ਵੱਡੀ ਬੇਨਿਯਮੀ ਨਜ਼ਰ ਨਹੀਂ ਆ ਰਹੀ ਹੈ। ਮਾਨਸੂਨ ਦੀ ਆਮਦ ਦੀ ਤਾਰੀਖ ਚਾਰ ਦਿਨ ਵਧਣ ਜਾਂ ਘਟਣ ਦੀ ਸੰਭਾਵਨਾ ਹੈ, ਯਾਨੀ ਇਹ 28 ਮਈ ਤੋਂ 3 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ ਹੈ।
ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਸਾਗਰ ਅਤੇ ਨਿਕੋਬਾਰ ਟਾਪੂਆਂ ਉੱਤੇ ਮਾਨਸੂਨ ਦੇ ਆਮਦ ਤੋਂ ਦੋ ਦਿਨ ਪਹਿਲਾਂ 19 ਮਈ ਨੂੰ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਮਾਨਸੂਨ ਇਸੇ ਤਰੀਕ ਨੂੰ ਇਨ੍ਹਾਂ ਟਾਪੂਆਂ ‘ਤੇ ਪਹੁੰਚਿਆ ਸੀ। ਹਾਲਾਂਕਿ ਪਿਛਲੇ ਸਾਲ ਕੇਰਲ ‘ਚ ਇਸ ਦੀ ਆਮਦ ਨੌਂ ਦਿਨ ਦੀ ਦੇਰੀ ਨਾਲ 8 ਜੂਨ ਨੂੰ ਪਹੁੰਚੀ ਸੀ।
ਮੌਸਮ ਵਿਭਾਗ ਦਾ ਇਹ ਐਲਾਨ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਬਹੁਤ ਅਹਿਮ ਹੈ। ਮੌਨਸੂਨ ਦੇ ਸਮੇਂ ਸਿਰ ਆਉਣ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਆਸਾਨ ਹੋ ਜਾਂਦੀ ਹੈ, ਜਿਸ ਨਾਲ ਫ਼ਸਲਾਂ ਦਾ ਚੰਗਾ ਝਾੜ ਲਿਆ ਜਾ ਸਕਦਾ ਹੈ।