ਚੰਡੀਗੜ੍ਹ (ਨੀਰੂ)- ਪੰਜਾਬ ਦੇ 10 ਜ਼ਿਲਿਆਂ ‘ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਮੌਸਮ ਵਿਭਾਗ ਨੇ ਇਸ ਖੇਤਰ ਨੂੰ ਰੈੱਡ ਅਲਰਟ ‘ਤੇ ਰੱਖਿਆ ਹੋਇਆ ਹੈ। ਇਸ ਦੌਰਾਨ ਬਠਿੰਡਾ ਵਿੱਚ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇੱਥੇ ਪਾਰਾ ਲਗਾਤਾਰ ਦੂਜੇ ਦਿਨ ਸਭ ਤੋਂ ਉੱਚਾ ਰਿਹਾ ਹੈ। ਰਾਜ ਭਰ ਵਿੱਚ ਪਾਰਾ 46.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਆਮ ਨਾਲੋਂ ਕਿਤੇ ਵੱਧ ਹੈ।
ਜਿਨ੍ਹਾਂ 10 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਦੀ ਸਥਿਤੀ ਖਾਸ ਤੌਰ ‘ਤੇ ਖਰਾਬ ਹੈ। ਇਨ੍ਹਾਂ ਵਿੱਚ ਮਾਝੇ ਦੇ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਲੈ ਕੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਪੱਛਮੀ ਮਾਲਵੇ ਦੇ ਮਾਨਸਾ ਸ਼ਾਮਲ ਹਨ। ਇੱਥੋਂ ਦਾ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਦੱਸਿਆ ਜਾਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅੱਤ ਦੀ ਗਰਮੀ ਕਾਰਨ ਘਰਾਂ ਦੇ ਅੰਦਰ ਹੀ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਗਰਮੀ ਦੀ ਇਸ ਲਹਿਰ ਦਾ ਪ੍ਰਭਾਵ ਕੁਝ ਦਿਨ ਹੋਰ ਜਾਰੀ ਰਹੇਗਾ। ਇਸ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਬਦਲਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਡੀਹਾਈਡ੍ਰੇਸ਼ਨ ਤੋਂ ਬਚਿਆ ਜਾ ਸਕੇ।