ਇਸਲਾਮਾਬਾਦ (ਹਰਮੀਤ) : ਪਾਕਿਸਤਾਨ ‘ਚ ਇਕ ਵਾਰ ਫਿਰ ਈਸਾਈ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ ਕੱਟੜਪੰਥੀਆਂ ਦੀ ਭੀੜ ਨੇ ਸ਼ਨੀਵਾਰ ਸਵੇਰੇ ਪਾਕਿਸਤਾਨੀ ਪੰਜਾਬ ਸੂਬੇ ਦੇ ਸਰਗੋਧਾ ਦੀ ਮੁਜਾਹਿਦ ਕਾਲੋਨੀ ‘ਚ ਈਸਾਈਆਂ ‘ਤੇ ਹਮਲਾ ਕਰ ਦਿੱਤਾ। ਪੀੜਤਾਂ ‘ਤੇ ਭੀੜ ਦੁਆਰਾ ਈਸ਼ਨਿੰਦਾ (ਕੁਰਾਨ ਦਾ ਅਪਮਾਨ) ਦਾ ਦੋਸ਼ ਲਗਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਕੱਟੜਪੰਥੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦੇ ਕਾਰਕੁਨਾਂ ਦੀ ਅਗਵਾਈ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਈਸਾਈ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਕੱਟੜਪੰਥੀਆਂ ਨੇ ਇਕ 70 ਸਾਲਾ ਈਸਾਈ ਬਜ਼ੁਰਗ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੀ ਲੱਕੜ ਦੀ ਫੈਕਟਰੀ ਨੂੰ ਵੀ ਅੱਗ ਲਾ ਦਿੱਤੀ। ਇਸ ਘਟਨਾ ‘ਚ ਕਈ ਈਸਾਈ ਵੀ ਜ਼ਖਮੀ ਹੋਏ ਹਨ ਪਰ ਪੁਲਸ ਨੇ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਗੱਲ ਕਬੂਲ ਨਹੀਂ ਕੀਤੀ ਹੈ।
ਇਸ ਮਾਮਲੇ ‘ਚ ਐਤਵਾਰ ਨੂੰ ਹਮਲੇ ਦੇ ਦੋਸ਼ ‘ਚ 450 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।