ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ ਹੋਣ ਕਾਰਨ ਬਹੁਤ ਸਾਰੇ ਯਾਤਰੀ ਏਅਰਪੋਰਟ ਤੇ ਫਸ ਗਏ ਨੇ। ਸ਼ਿਕਾਗੋ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਰਕੇ ਏਅਰ ਇੰਡੀਆ ਦਾ ਜਹਾਜ਼ ਉਡਾਣ ਨਹੀਂ ਭਰ ਸਕਿਆ । ਦਿੱਲੀ ਆਉਣ ਵਾਲੇ 300 ਯਾਤਰੀ 34 ਘੰਟੇ ‘ਤੋਂ ਇੰਤਜਾਰ ਕਰ ਰਹੇ ਹਨ। ਦੂਸਰਾ ਜਗ੍ਹਾ ਹਾਂਗਕਾਂਗ ਏਅਰਪੋਰਟ ਹੈ। ਇਥੇ ਕੰਪਿਊਟਰ ‘ਚ ਖਰਾਬੀ ਹੋਣ ਕਰਕੇ ਵੀਰਵਾਰ ਨੂੰ ਉਡਾਣ ਭਰਨ ‘ਚ ਦੇਰੀ ਹੋਈ ਜਿਸ ਕਰਕੇ ਇੱਥੇ ਵੀ ਬਹੁਤ ਸਾਰੇ ਯਾਤਰੀ ਅਟਕੇ ਹੋਏ ਹਨ।
ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਨੂੰ ਉਡਾਣ ਭਰਨ ਜਾ ਦੇਰੀ ਹੋ ਗਈ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ ਸ਼ਿਕਾਗੋ ਤੋਂ ਉਡਾਣ ਭਰਨ ਵਾਲੀ ਸੀ। ਇਸ ਨੇ 15 ਮਾਰਚ ਨੂੰ ਦੁਪਹਿਰ 2:20 ‘ਤੇ ਦਿੱਲੀ ‘ਚ ਲੈਂਡ ਕਰਨਾ ਸੀ ਪਰ ਹਾਲੇ ਵੀ ਫਲਾਈਟ ਨੇ ਉਡਾਨ ਨਹੀਂ ਭਰੀ |
ਇੱਕ ਯਾਤਰੀ ਨੇ ਦੱਸਿਆ ਕਿ ਕਰੀਬ 34 ਘੰਟਿਆਂ ਤੋਂ 300 ਯਾਤਰੀ ਫਲਾਈਟ ਦੀ ਉਡੀਕ ਕਰ ਰਹੇ ਹਨ ਪਰ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਵੀ ਇਸ ਬਾਰੇ ਕੋਈ ਸੂਚਨਾ ਨਹੀਂ ਦੇ ਰਹੀ । ਇੱਕ ਹੋਰ ਯਾਤਰੀ ਨੇ ਇਸ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਫਲਾਈਟ ਕਦੋਂ ਮਿਲਣੀ ਹੈ ਕੁਝ ਨਹੀਂ ਪਤਾ ।
ਇਸ ਮਾਮਲੇ ‘ਚ ਏਅਰ ਇੰਡੀਆ ਨੇ ਦੱਸਿਆ ਹੈ ਕਿ 14 ਮਾਰਚ ਨੂੰ ਫਲਾਈਟ ਨੰਬਰ AI 126 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਦੀ ਸਹਾਇਤਾ ਕੀਤੀ ਜਾਵੇਗੀ ।ਯਾਤਰੀਆਂ ਨੂੰ ਦਿੱਲੀ ਭੇਜਣ ਲਈ ਹੋਰ ਫਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਕੰਪਿਊਟਰ ‘ਚ ਖ਼ਰਾਬੀ ਹੋ ਗਈ ਸੀ । ਇਸ ਕਾਰਨ ਉਡਾਣ ਭਰਨ ‘ਚ ਦੇਰੀ ਹੋ ਗਈ । ਸਭ ਤੋਂ ਵੱਧ ਪ੍ਰਭਾਵਿਤ ਕੈਥੇ ਪੈਸੀਫਿਕ ਏਅਰਲਾਈਨਜ਼ ਹੈ। ਕੰਪਿਊਟਰ ‘ਚ ਤਕਨੀਕੀ ਖਰਾਬੀ ਹੋਣ ਕਾਰਨ ਇਸ ਦੀਆਂ 50 ਉਡਾਣਾਂ ਵਿੱਚ ਦੇਰੀ ਹੋਈ ਹੈ। ਏਅਰਪੋਰਟ ਅਥਾਰਟੀ ਨੇ ਕੰਪਿਊਟਰ ‘ਚ ਖਰਾਬੀ ਬਾਰੇ ਹਾਲੇ ਤੱਕ ਕੋਈ ਸੂਚਨਾ ਨਹੀਂ ਦਿੱਤੀ ।