ਦੁਬਈ ‘ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ‘ਚ ਇੱਕ ਏਅਰਹੋਸਟੈੱਸ ਨਾਲ ਛੇੜਛਾੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇੰਡੀਗੋ ਦੀ ਫਲਾਈਟ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਦਿਆ ਹੀ ਮੁਲਜ਼ਮ ਯਾਤਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮੁਲਜ਼ਮ ਯਾਤਰੀ ਦੀ ਪਛਾਣ ਰਜਿੰਦਰ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨੇ ਵੀ ਸਕਿਉਰਿਟੀ ਮੈਨੇਜਰ ਦੀ ਸ਼ਿਕਾਇਤ ਤੋਂ ਮਗਰੋਂ ਦੋਸ਼ੀ ਵਿਰੁੱਧ ਐਕਸ਼ਨ ਲਿਆ ਹੈ।
ਇੰਡੀਗੋ ਦੀ ਫਲਾਈਟ ਨੰਬਰ 6 ਈ 1428 ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਡਿਊਟੀ ਕਰ ਰਹੇ ਇੰਡੀਗੋ ਏਅਰਲਾਈਨ ਦੇ ਮਦਦਗਾਰ ਮੈਨੇਜਰ ਅਜੇ ਕੁਮਾਰ ਨੇ ਏਅਰਪੋਰਟ ਪੁਲਿਸ ਨੂੰ ਕੀਤੀ ਹੋਈ ਸ਼ਿਕਾਇਤ ‘ਚ ਕਿਹਾ ਹੈ ਕਿ ਜਲੰਧਰ ਦੇ ਪਿੰਡ ਕੋਟਲੀ ਦਾ ਵਾਸੀ ਰਜਿੰਦਰ ਸਿੰਘ ਸ਼ਨੀਵਾਰ ਨੂੰ ਦੁਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ ‘ਚ ਆ ਰਿਹਾ ਸੀ। ਫਲਾਈਟ ਦੇ ਸਫਰ ‘ਚ ਮੁਲਜ਼ਮ ਨੇ ਸ਼ਰਾਬ ਪੀ ਕੇ ਏਅਰਹੋਸਟੈੱਸ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ ‘ਚ ਰੌਲਾ ਵੀ ਪਾ ਰਿਹਾ ਸੀ।
ਪੁਲਿਸ ਅਧਿਕਾਰੀ ASI ਤਰਸੇਮ ਸਿੰਘ ਨੇ ਕਿਹਾ ਹੈ ਕਿ ਦੋਸ਼ੀ ਵਿਰੁੱਧ IPC ਦੀ ਧਾਰਾ 354 ਅਤੇ 509 ਤਹਿਤ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।