ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਨੂੰ ਲੈ ਕੇ ਪੈਦਾ ਹੋਏ ਸਿਆਸੀ ਵਿਵਾਦ ‘ਤੇ ਸੀਐਮ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ। ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹੀ ਅਫਸਰਾਂ ਨੂੰ ਦਿੱਲੀ ਭੇਜਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਮੈਂ ਅਫਸਰਾਂ ਨੂੰ ਦਿੱਲੀ ਭੇਜਿਆ ਸੀ ਅਤੇ ਇਹ ਅਧਿਕਾਰੀ ਪਿਛਲੇ ਦਿਨੀਂ ਗੁਜਰਾਤ, ਤਾਮਿਲਨਾਡੂ ਟਰੇਨਿੰਗ ਲਈ ਜਾਂਦੇ ਰਹੇ ਹਨ। ਮੈਂ ਉਨ੍ਹਾਂ ਨੂੰ ਹੋਰ ਟਰੇਨਿੰਗ ਲਈ ਵੀ ਭੇਜਦਾ ਰਹਾਂਗਾ। ਇਸ ਦੌਰਾਨ ਭਗਵੰਤ ਮਾਨ ਨੇ ਸਵਾਲ ਉਠਾਇਆ ਕਿ ਪੰਜਾਬ ਦੇ ਅਧਿਕਾਰੀਆਂ ਦੀ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਇੰਨਾ ਹੰਗਾਮਾ ਕਿਉਂ ਹੋਇਆ।
ਮੈਂ ਪੰਜਾਬ ਦੀ ਬਿਹਤਰੀ ਲਈ ਅਫਸਰਾਂ ਨੂੰ ਇਜ਼ਰਾਈਲ ਵੀ ਭੇਜਾਂਗਾ :
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮੈਨੂੰ ਪੰਜਾਬ ਦੀ ਬਿਹਤਰੀ ਲਈ ਇਨ੍ਹਾਂ ਅਫਸਰਾਂ ਨੂੰ ਇਜ਼ਰਾਈਲ ਭੇਜਣਾ ਪਿਆ ਤਾਂ ਮੈਂ ਉੱਥੇ ਵੀ ਭੇਜਾਂਗਾ। ਮਾਨ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਹਾਲ ਹੀ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਆਏ ਸਨ। ਇੰਨਾ ਹੀ ਨਹੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਭਾਰਤ ਦੌਰੇ ‘ਤੇ ਆਪਣੀ ਪਤਨੀ ਨਾਲ ਸਰਕਾਰੀ ਸਕੂਲ ਦੇਖਣ ਗਏ ਸਨ। ਅਜਿਹੇ ‘ਚ ਜੇਕਰ ਅਧਿਕਾਰੀ ਦਿੱਲੀ ਗਏ ਤਾਂ ਇੰਨਾ ਸਿਆਸੀ ਹੰਗਾਮਾ ਕਿਉਂ ਹੈ।
ਵਿਰੋਧੀ ਪਾਰਟੀਆਂ ਨੇ ਉਠਾਏ ਸਵਾਲ :
ਦੱਸ ਦੇਈਏ ਕਿ ਪੰਜਾਬ ‘ਚ 300 ਯੂਨਿਟ ਮੁਫਤ ਬਿਜਲੀ ਦੇ ਮੁੱਦੇ ‘ਤੇ ਪੰਜਾਬ ਦੇ ਕੁਝ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਅਧਿਕਾਰੀਆਂ ਦੀ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਿੱਲੀ ਦੇ ਰਿਮੋਟ ਤੋਂ ਚੱਲੇਗੀ।