ਚੰਡੀਗੜ੍ਹ: ਕਬੂਤਰਬਾਜ਼ੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਕੱਟ ਰਿਹਾ ਗਾਇਕ ਦਲੇਰ ਮਹਿੰਦੀ ਹੁਣ ਹਾਈਕੋਰਟ ਪਹੁੰਚ ਗਿਆ ਹੈ। ਦਰਅਸਲ, ਉਸਨੇ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਇਸਦੇ ਖਿਲਾਫ ਪਟੀਸ਼ਨ ਵੀ ਦਾਇਰ ਕੀਤੀ ਹੈ। ਜਿਸ ‘ਤੇ ਹਾਈਕੋਰਟ ‘ਚ ਜਲਦ ਸੁਣਵਾਈ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਉਹ 2003 ਦੇ ਕਬੂਤਰਬਾਜ਼ੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਦੇ ਨਾਲ ਹੀ ਉਹ ਜੇਲ੍ਹ ਵਿੱਚ ਲਿਖਾਰੀ ਦਾ ਕੰਮ ਵੀ ਸੰਭਾਲ ਰਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਨਾਲ ਪਟਿਆਲਾ ਜੇਲ ‘ਚ ਵੀ ਰੱਖਿਆ ਗਿਆ ਹੈ।
ਦਲੇਰ ਮਹਿੰਦੀ ਉੱਪਰ ਲੱਗੇ ਇਹ ਦੋਸ਼
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਦਲੇਰ ਮਹਿੰਦੀ ‘ਤੇ 1998-99 ‘ਚ ਸ਼ੋਅ ਲਈ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ਨੂੰ ਆਪਣੀ ਟੀਮ ਦੇ ਮੈਂਬਰ ਬਣਾ ਕੇ ਵਿਦੇਸ਼ ਲਿਜਾਣ ਦੇ ਬਦਲੇ ਪੈਸੇ ਲਏ ਜਾਂਦੇ ਸਨ। ਇਸ ਮਾਮਲੇ ‘ਚ ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਖਿਲਾਫ ਪਹਿਲੀ ਵਾਰ 2003 ‘ਚ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ। ਬਾਅਦ ਵਿੱਚ ਦਲੇਰ ਮਹਿੰਦੀ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਮਨੁੱਖੀ ਤਸਕਰੀ ਦੇ 19 ਸਾਲ ਪੁਰਾਣੇ ਕੇਸ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ 16 ਮਾਰਚ 2018 ਨੂੰ ਉਸ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਸਜ਼ਾ ਦੇ ਇਸ ਫੈਸਲੇ ਵਿਰੁੱਧ ਦਲੇਰ ਮਹਿੰਦੀ ਨੇ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਅੱਗੇ ਅਪੀਲ ਕੀਤੀ ਸੀ। ਦਾਇਰ ਕਰਕੇ ਚੁਣੌਤੀ ਦਿੱਤੀ ਸੀ, ਜਿਸ ‘ਤੇ 4 ਸਾਲ ਦੀ ਅਪੀਲ ‘ਤੇ ਸੁਣਵਾਈ ਤੋਂ ਬਾਅਦ ਵਧੀਕ ਸੈਸ਼ਨ ਜੱਜ ਨੇ ਸਜ਼ਾ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਸਨ | ਅਪੀਲ ਖਾਰਜ ਕਰਨ ਦੇ ਇਸ ਫੈਸਲੇ ਖਿਲਾਫ ਹੁਣ ਦਲੇਰ ਮਹਿੰਦੀ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਹੈ।