ਬੀਜਿੰਗ: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਜੇਕਰ ਚੀਨ ਤਾਈਵਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਬਲ ਉਸ ਦੀ ਰੱਖਿਆ ਕਰਨਗੇ। ਚੀਨ ਇਸ ਸਵੈ-ਸ਼ਾਸਨ ਵਾਲੇ ਟਾਪੂ ‘ਤੇ ਦਾਅਵਾ ਕਰਦਾ ਹੈ। ਇਕ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਇਕ ਪ੍ਰੋਗਰਾਮ ਦੌਰਾਨ ਇਕ ਇੰਟਰਵਿਊ ਵਿਚ ਜੋ ਬਿਡੇਨ ਤੋਂ ਐਤਵਾਰ ਨੂੰ ਪੁੱਛਿਆ ਗਿਆ ਸੀ ਕਿ “ਜੇ ਚੀਨ ਤਾਈਵਾਨ ‘ਤੇ ਹਮਲਾ ਕਰਦਾ ਹੈ, ਤਾਂ ਕੀ ਅਮਰੀਕੀ ਫੌਜ, ਅਮਰੀਕੀ ਮਰਦ ਅਤੇ ਔਰਤਾਂ ਇਸ ਦੀ ਸੁਰੱਖਿਆ ਕਰਨਗੇ?” ਇਸ ‘ਤੇ ਬਿਡੇਨ ਨੇ ਜਵਾਬ ਦਿੱਤਾ, ‘ਹਾਂ’ ਕਿਹਾ। ਇੰਟਰਵਿਊ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੀ ਨੀਤੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਸ ਨੀਤੀ ਦੇ ਤਹਿਤ ਅਮਰੀਕਾ ਦਾ ਮੰਨਣਾ ਹੈ ਕਿ ਤਾਈਵਾਨ ਦੇ ਮੁੱਦੇ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ, ਪਰ ਨੀਤੀ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਚੀਨੀ ਹਮਲੇ ਦੀ ਸਥਿਤੀ ਵਿੱਚ ਅਮਰੀਕੀ ਬਲਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਨਹੀਂ। ਜੈ ਬਿਡੇਨ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਤਾਇਵਾਨ ਨੂੰ ਸਮੁੰਦਰ ‘ਚ ਮਿਜ਼ਾਈਲਾਂ ਦਾਗਣ ਅਤੇ ਨੇੜਲੇ ਇਲਾਕਿਆਂ ‘ਚ ਲੜਾਕੂ ਜਹਾਜ਼ ਉਡਾ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਸਮੇਤ ਕਈ ਸਿਆਸੀ ਹਸਤੀਆਂ ਤਾਈਵਾਨ ਦੀ ਯਾਤਰਾ ਕਰ ਚੁੱਕੀਆਂ ਹਨ। .