ਜਲੰਧਰ (ਹਰਮੀਤ)— ਜਲੰਧਰ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ‘ਚ ਪੁਲਸ ਵਲੋਂ ਮ੍ਰਿਤਕ ਐਲਾਨੇ ਗਏ ਵਿਅਕਤੀ ਨੂੰ ਜ਼ਿੰਦਾ ਪਾਇਆ ਗਿਆ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਗਦਾਈਪੁਰ ਇਲਾਕੇ ਵਿੱਚ ਇੱਕ ਘਰ ਦੇ ਬੈੱਡ ਬਾਕਸ ਵਿੱਚੋਂ ਮਿਲੀ ਲਾਸ਼ ਅਸਲ ਵਿੱਚ ਬਰਨਾਲਾ ਦੇ ਰਹਿਣ ਵਾਲੇ ਸੇਵਾਮੁਕਤ ਫ਼ੌਜੀ ਅਧਿਕਾਰੀ ਯੋਗਰਾਜ ਖੱਤਰੀ ਦੀ ਹੈ, ਜਿਸ ਦੀ ਪਛਾਣ ਪਹਿਲਾਂ ਵਿਨੋਦ ਉਰਫ਼ ਨਕੁਲ ਵਜੋਂ ਹੋਈ ਸੀ। ਇਸ ਗਲਤੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਨੋਦ ਜ਼ਿੰਦਾ ਪਾਇਆ ਗਿਆ।
ਹਿਮਾਚਲੀ ਦੇਵੀ, ਜਿਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਮ੍ਰਿਤਕ ਉਸ ਦਾ ਲਿਵ-ਇਨ ਪਾਰਟਨਰ ਸੀ, ਨੇ ਉਸ ਨੂੰ ਜ਼ਹਿਰੀਲੀ ਸ਼ਰਾਬ ਪਿਲਾ ਕੇ ਮਾਰਨ ਦੀ ਗੱਲ ਕਬੂਲੀ ਹੈ। ਇਸ ਖੁਲਾਸੇ ਤੋਂ ਬਾਅਦ ਬਰਨਾਲਾ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ, ਜਿਸ ਨੇ ਇਹ ਮਾਮਲਾ ਸਾਹਮਣੇ ਲਿਆਂਦਾ।
ਪੁਲਿਸ ਸੂਤਰਾਂ ਅਨੁਸਾਰ ਹਿਮਾਚਲੀ ਦੇਵੀ ਨੇ ਗਦਈਪੁਰ ਸਥਿਤ ਕਈ ਦੁਕਾਨਾਂ ਤੋਂ 30 ਕਿਲੋ ਤੋਂ ਵੱਧ ਲੂਣ ਖਰੀਦਿਆ ਸੀ, ਤਾਂ ਜੋ ਉਹ ਲਾਸ਼ ਨੂੰ ਪਿਘਲਾ ਕੇ ਉਸ ਨੂੰ ਬਦਬੂ ਆਉਣ ਤੋਂ ਰੋਕ ਸਕੇ। ਹਾਲਾਂਕਿ, ਉਸਦੀ ਯੋਜਨਾ ਸਫਲ ਨਹੀਂ ਹੋਈ ਅਤੇ ਇੱਕ ਗੰਦੀ ਬਦਬੂ ਆਉਣ ਲੱਗੀ, ਜਿਸ ਕਾਰਨ ਸਾਰੀ ਯੋਜਨਾ ਅਸਫਲ ਰਹੀ।
ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਹਿਮਾਚਲੀ ਦੇਵੀ ਨੇ ਯੋਗਰਾਜ ਦੀ ਹੱਤਿਆ ਕਿਉਂ ਕੀਤੀ ਸੀ। ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ ਅਤੇ ਜਲਦ ਹੀ ਇਸ ਮਾਮਲੇ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ। ਇਸ ਘਟਨਾ ਨੇ ਪੁਲਸ ਦੀ ਜਾਂਚ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੁਧਾਰ ਵੱਲ ਕਦਮ ਚੁੱਕੇ ਜਾਣਗੇ।