ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਜਲੰਧਰ ‘ਚ ਵੀਜ਼ਾ ਨੂੰ ਲੈ ਕੇ ਧੋਖਾਧੜੀ ਕਰਨ ਵਾਲੀ ਇੱਕ ਹੋਰ ਇਮੀਗ੍ਰੇਸ਼ਨ ਕੰਪਨੀ ਸਾਹਮਣੇ ਆਈ ਹੈ। ਜਲੰਧਰ ਦੇ ਨਾਮਦੇਵ ਚੌਕ ਨੇੜੇ ਇੱਕ ਇਮੀਗ੍ਰੇਸ਼ਨ ਕੰਪਨੀ ਨੇ ਦੋ ਸਾਲ ਪਹਿਲਾਂ 45 ਦਿਨਾਂ ਵਿੱਚ ਪੁਰਤਗਾਲ ਵੀਜ਼ਾ ਲਗਵਾਉਣ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਲਏ ਸੀ। ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਪੁਰਤਗਾਲ ਦਾ ਵੀਜ਼ਾ ਨਹੀਂ ਦਿੱਤਾ ਗਿਆ।
ਜਿਨ੍ਹਾਂ ਲੋਕਾਂ ਨਾਲ ਧੋਖਾ ਹੋਇਆ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਇਮੀਗ੍ਰੇਸ਼ਨ ਕੰਪਨੀ ਨਾ ਤਾਂ ਪੈਸੇ ਵਾਪਸ ਦੇ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵੀਜ਼ਾ ਦੇ ਰਹੀ ਹੈ। ਜਦੋਂ ਇਮੀਗ੍ਰੇਸ਼ਨ ਕੰਪਨੀ ਨੇ ਲੱਖਾਂ ਰੁਪਏ ਲਏ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਸਾਲਾਂ ‘ਚ ਸਭ ਨੂੰ ਪੁਰਤਗਾਲ ਦੀ ਪੀ.ਆਰ ਵੀ ਮਿਲ ਜਾਵੇਗੀ ਪਰ ਹਾਲੇ ਤੱਕ ਵੀਜ਼ਾ ਨਹੀਂ ਮਿਲਿਆ।
ਜਲੰਧਰ ‘ਚ ਇਮੀਗ੍ਰੇਸ਼ਨ ਕੰਪਨੀ ਨੇ ਥੋੜ੍ਹੇ ਦਿਨਾਂ ਦੇ ਅੰਦਰ ਪੁਰਤਗਾਲ ਦਾ ਵੀਜ਼ਾ ਲਗਵਾਉਣ ਦਾ ਇਸ਼ਤਿਹਾਰ ਲਗਾਇਆ ਸੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਕੰਪਨੀ ‘ਚ 20 ਤੋਂ ਵੱਧ ਲੋਕਾਂ ਨੇ ਆਪਣੇ ਦਸਤਾਵੇਜ਼ ਦਿੱਤੇ ਸੀ। ਇਮੀਗ੍ਰੇਸ਼ਨ ਕੰਪਨੀ ਨੇ ਪ੍ਰੋਸੈਸਿੰਗ ਦੇ ਨਾਂ ‘ਤੇ 60 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਲਏ ਸੀ । ਸਾਰਿਆਂ ਤੋਂ ਲੱਖਾਂ ਰੁਪਏ ਲੈ ਕੇ ਵੀ ਇਮੀਗ੍ਰੇਸ਼ਨ ਕੰਪਨੀ ਨੇ ਵੀਜ਼ੇ ਨਹੀਂ ਦਿੱਤੇ।
ਲੋਕਾਂ ਨੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ਼ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਪਰ ਪੁਲਿਸ ਵੱਲੋ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ।