ਪ੍ਰਤਾਪਪੁਰਾ ‘ਚ ਸੀਐਮ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਇੱਕ ਔਰਤ ਨੇ ਸੀਐਮ ਚੰਨੀ ਉੱਤੇ ਝੂਠੇ ਵਾਅਦੇ ਕਰਨ ਦੇ ਇਲਜ਼ਾਮ ਲਾਏ। ਮਹਿਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ 5 ਮਰਲੇ ਦੇ ਪਲਾਟ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਸਾਨੂੰ ਪਲਾਟ ਨਹੀਂ ਮਿਲਿਆ। ਇਸ ਦੌਰਾਨ ਪੁਲੀਸ ਮੁਲਾਜ਼ਮ ਉਸ ਮਹਿਲਾ ਨੂੰ ਬੋਲਣ ਤੋਂ ਰੋਕ ਰਹੇ ਸਨ।
ਦਸ ਦਈਏ ਕਿ ਜੇ.ਆਈ.ਟੀ ਮੁਹੱਲਾ ਲਤੀਫਪੁਰਾ ਦੀ ਜ਼ਮੀਨ ਨੂੰ ਆਪਣੀ ਮਲਕੀਅਤ ਕਾਰਨ ਖਾਲੀ ਕਰਵਾਉਣਾ ਚਾਹੁੰਦੀ ਹੈ। ਇੱਥੋਂ ਦੇ ਲੋਕਾਂ ਨੇ ਇਹ ਮਾਮਲਾ ਅਦਾਲਤ ਵਿੱਚ ਵੀ ਰੱਖਿਆ ਸੀ। ਹਾਲ ਹੀ ਵਿੱਚ ਜੇਆਈਟੀ ਨੇ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕੀਤਾ ਹੈ।
ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ 25000 ਲੋਕਾਂ ਨੂੰ ਘਰ ਦੇਣ ਦੇ ਦਾਅਵੇ ਕਰ ਰਹੇ ਹਨ ਤਾਂ ਲਤੀਫਪੁਰਾ ਵਿੱਚ ਗਰੀਬਾਂ ਦੀ ਛੱਤ ਨਹੀਂ ਖੋਹਣੀ ਚਾਹੀਦੀ। ਇਸ ਦੇ ਨਾਲ ਹੀ ਲੋਕਾਂ ਨੂੰ ਸੀਐਮ ਚੰਨੀ ਦੇ ਜਲੰਧਰ ਸ਼ਹਿਰ ਆਉਣ ਦੀ ਉਮੀਦ ਸੀ ਪਰ ਸੀਐਮ ਦਾ ਪ੍ਰੋਗਰਾਮ ਬਦਲ ਗਿਆ ਸੀ।
ਬੂਟਾ ਮੰਡੀ ਪਹੁੰਚਣ ਦਾ ਸ਼ਡਿਊਲ 3:15 ਵਜੇ ਦਾ ਸੀ ਪਰ ਰੈਲੀ ਵਿੱਚ ਹੀ ਸ਼ਾਮ 4 ਵੱਜ ਗਏ ਸਨ। ਅਜਿਹੇ ‘ਚ ਉਨ੍ਹਾਂ ਨੇ ਸਿਰਫ ਪ੍ਰੋਜੈਕਟਾਂ ਦਾ ਐਲਾਨ ਕੀਤਾ ਅਤੇ ਬੂਟਾ ਮੰਡੀ ਵਿੱਚ ਕਾਲਜ ਦਾ ਉਦਘਾਟਨ ਕਰਨ ਲਈ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਿੱਖਿਆ ਮੰਤਰੀ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ ਅਤੇ ਵਿਧਾਇਕ ਸੁਰਿੰਦਰ ਚੌਧਰੀ ਪੁੱਜੇ। ਉਨ੍ਹਾਂ ਬਸਤੀਆਂ ਵਿੱਚ ਸਤਿਗੁਰੂ ਕਬੀਰ ਭਵਨ ਦਾ ਨੀਂਹ ਪੱਥਰ ਰੱਖਿਆ। ਨਾਲ ਮਹੰਤ ਰਾਜੇਸ਼ ਭਗਤ ਰਹਿੰਦੇ ਸਨ।