ਮਸ਼ਹੂਰ ਗਾਇਕ ਗੁਰਦਾਸ ਮਾਨ ਸ਼ਨੀਵਾਰ ਸ਼ਾਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਲੰਬੀ ਗੱਲਬਾਤ ਕੀਤੀ, ਉੱਥੇ ਹੀ ਪਰਿਵਾਰ ਨਾਲ ਵੀ ਕਾਫੀ ਸਮਾਂ ਬਿਤਾਇਆ। ਗੁਰਦਾਸ ਮਾਨ ਭਾਵੇਂ ਸਿੱਧੂ ਮੂਸੇਵਾਲਾ ਤੋਂ ਬਹੁਤ ਵੱਡੇ ਹਨ, ਪਰ ਉਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਮਾਪਿਆਂ ਦਾ ਦੁੱਖ ਜ਼ਰੂਰ ਘੱਟ ਕੀਤਾ ਹੈ।
ਮੂਸੇ ਵਾਲੇ ਦੇ ਘਰ ਪਹੁੰਚੇ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੀ ਫੋਟੋ ਨੂੰ ਦੇਖ ਕੇ ਬਹੁਤ ਭਾਵੁਕ ਹੋ ਗਏ। ਪਹਿਲਾਂ ਉਨ੍ਹਾਂ ਨੇ ਫੋਟੋ ਦੇ ਅੱਗੇ ਮੱਥਾ ਟੇਕਿਆ ਅਤੇ ਫਿਰ ਉਸ ਤਸਵੀਰ ਨੂੰ ਜੱਫੀ ਪਾ ਲਈ । ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਸਿੱਧੂ ਦੀ ਕਮੀ ਦਾ ਦੁੱਖ ਵੀ ਸਾਂਝਾ ਕੀਤਾ। ਫਿਰ ਗੁਰਦਾਸ ਮਾਨ ਨੇ ਸਾਰੇ ਪਰਿਵਾਰ ਨਾਲ ਰਸੋਈ ‘ਚ ਥੱਲੇ ਬੈਠ ਕੇ ਭੋਜਨ ਵੀ ਕੀਤਾ ।
ਬੀਤੇ ਸਾਲ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਦੇ ਕਤਲ ਤੋਂ ਬਾਅਦ ਸਿਰਫ ਪਰਿਵਾਰ ਹੀ ਨਹੀਂ ਬਲਕਿ ਪੂਰਾ ਪੰਜਾਬ ਸੋਗ ‘ਚ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 32 ਮੁਲਜ਼ਮ ਹਾਲੇ ਵੀ ਪੁਲਿਸ ਦੀ ਹਿਰਾਸਤ ਵਿੱਚ ਹਨ। ਦੂਜੇ ਪਾਸੇ ਦਿੱਲੀ ਪੁਲਿਸ ਬਾਕੀਆਂ ਨੂੰ ਲੱਭਣ ਵਿਚ ਲੱਗੀ ਹੋਈ ਹੈ |
ਖ਼ਬਰਾਂ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇੱਕ ਵਾਰ ਫਿਰ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਨੂੰ ਇਹ ਧਮਕੀ ਈ-ਮੇਲ ਰਾਹੀਂ ਮਿਲੀ ਹੈ। ਉਦੋਂ ਤੋਂ ਹੀ ਪੁਲਿਸ ਰਾਜਸਥਾਨ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।