ਰੂਪਨਗਰ: ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ (Kumar Vishwas) ਦੇ ਘਰ ਪਹੁੰਚੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਰਾਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਹੀ ਪੰਜਾਬ ਪੁਲੀਸ ਗੇਟ ’ਤੇ ਪੁੱਜ ਗਈ ਸੀ। ਇੱਕ ਸਮੇਂ ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਏ ਭਗਵੰਤ ਮਾਨ ਨੂੰ ਮੈਂ ਚੇਤਾਵਨੀ ਦੇ ਰਿਹਾ ਹਾਂ ਕਿ ਦਿੱਲੀ ਵਿੱਚ ਬੈਠਾ ਉਹ ਬੰਦਾ ਜਿਸਨੂੰ ਤੁਸੀਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖਿਲਵਾੜ ਕਰਨ ਦੇ ਰਹੇ ਹੋ, ਇੱਕ ਦਿਨ ਤੁਹਾਡੇ ਅਤੇ ਪੰਜਾਬ ਨਾਲ ਧੋਖਾ ਕਰਨਗੇ। ਦੇਸ਼ ਮੇਰੀ ਚੇਤਾਵਨੀ ਨੂੰ ਯਾਦ ਰੱਖੇ।
ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਖਿਲਾਫ ਥਾਣਾ ਸਦਰ ਰੋਪੜ ਵਿੱਚ ਆਈਪੀਸੀ ਦੀ ਧਾਰਾ 153, 505, 323, 341, 506 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਰੂਪਨਗਰ ਦੇ ਐਸਪੀ ਹਰਵੀਰ ਸਿੰਘ ਅਟਵਾਲ ਨੇ ਦਿੱਤੀ। ਐਸਪੀ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ‘ਆਪ’ ਵਰਕਰਾਂ ਨੂੰ ਰੋਕਿਆ ਗਿਆ ਅਤੇ ਖਾਲਿਸਤਾਨੀ ਦੇ ਨਾਅਰੇ ਲਗਾਏ ਗਏ। ਮਾਮਲਾ ਕੁਮਾਰ ਵਿਸ਼ਵਾਸ ਦੀ ਵੀਡੀਓ (ਕੇਜਰੀਵਾਲ ਦਾ ਖਾਲਿਸਤਾਨ ਨਾਲ ਸਬੰਧ) ਦੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ।
ਵਿਜੇ ਸਾਂਪਲਾ ਨੇ ਕਹੀ ਇਹ ਗੱਲ
ਦੂਜੇ ਪਾਸੇ ਕਵੀ ਕੁਮਾਰ ਵਿਸ਼ਵਾਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਮਾਮਲੇ ਵਿੱਚ ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਕੇਸ ਦਿੱਲੀ ਵਿੱਚ ਹੁੰਦਾ ਹੈ ਅਤੇ ਪੰਜਾਬ ਵਿੱਚ ਬਦਲਾ ਲਿਆ ਜਾਂਦਾ ਹੈ। ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ। ਇਹ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨਾ ਵੀ ਨਹੀਂ ਬੀਤਿਆ ਅਤੇ ਪੰਜਾਬ ਵਿੱਚ ਐਮਰਜੈਂਸੀ ਵਰਗਾ ਮਾਹੌਲ ਬਣ ਗਿਆ ਹੈ।