ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧਦਾ ਜਾ ਰਿਹਾ ਹੈ। ਜਿਸ ਕਾਰਨ ਮਾਪਿਆਂ ਨੂੰ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜਣਾ ਪੈਂਦਾ ਹੈ । ਹਾਲ ਹੀ ਚ ਨਾਭੇ ਦੇ ਲਾਗਲੇ ਪਿੰਡ ਦੇ ਗਰੀਬ ਕਿਸਾਨ ਭਗਵੰਤ ਸਿੰਘ ਦਾ ਕਹਿਣਾ ਹੈ ਉਸਨੇ 18 ਲੱਖ ਦਾ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ 2019 ਚ ਕਨੇਡਾ ਭੇਜਿਆ ਸੀ ਤੇ ਹੱਲੇ ਤੱਕ ਕਰਜ਼ਾ ਨਹੀਂ ਮੁੜਿਆ। ਇਸ ਦੇ ਨਾਲ ਹੀ ਗਰੀਬ ਕਿਸਾਨ ਦਾ ਕਹਿਣਾ ਹੈ ਕਿ ਪਿੱਛਲੇ ਦਿਨੀ ਉਸਦੀ ਧੀ ਦਾ ਫੋਨ ਆਇਆ ਸੀ ਕਿ ਉਸਨੂੰ 14 ਲੱਖ ਰੁਪਏ ਭੇਜ ਦਿੱਤੇ ਜਾਣ ਤਾਂ ਜੋ ਉਹ ਆਪਣੇ ਕਾਲਜ ਦੀ ਫੀਸ ਦੇ ਸਕੇ ਜਿਸ ਵਿਚੋਂ 10 ਲੱਖ ਭਾਰਤੀ ਕਰੰਸੀ ਦਾ ਬਣਦਾ ਹੈ ।
ਭਗਵੰਤ ਸਿੰਘ ਨੇ 14 ਲੱਖ ਰੁਪਏ ਆਪਣਾ ਰਿਹਾਇਸ਼ੀ ਘਰ ਵੇਚ ਕੇ ਆਪਣੀ ਧੀ ਨੂੰ ਤੀਜੇ ਸਾਲ ਦੀ ਫੀਸ ਭੇਜ ਦਿੱਤੀ। ਜਿਸ ਕਾਰਨ ਭਗਵੰਤ ਸਿੰਘ ਕਰਜਾਈ ਹੋਣ ਦੇ ਨਾਲ – ਨਾਲ ਬੇਘਰ ਵੀ ਹੋ ਗਿਆ। ਜਿਸ ਤੋਂ ਬਾਅਦ ਭਗਵੰਤ ਸਿੰਘ ਆਪਣੀ ਘਰਵਾਲੀ ਨਾਲ ਆਪਣੇ ਸੋਹਰੇ ਘਰ ਆ ਗਿਆ।
ਹਾਲ ਹੀ ਚ ਓਹਨਾ ਨੂੰ ਖਬਰ ਮਿਲੀ ਹੈ ਕਿ ਉਹਨਾਂ ਦੀ ਧੀ ਨਾਲ ਇਕ ਭਿਆਨਕ ਹਾਦਸਾ ਹੋਣ ਕਾਰਨ ਉਹ ਜ਼ਖਮੀ ਹੋ ਗਈ ਹੈ ਅਤੇ ਹੁਣ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਭਗਵੰਤ ਸਿੰਘ ਨੇ ਕੇਂਦਰ ਸਰਕਾਰ , ਪੰਜਾਬ ਸਰਕਾਰ ਤੇ ਹਲਕਾ ਐਮ.ਪੀ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਕਨੇਡਾ ਦਾ ਵੀਜ਼ਾ ਲਗਵਾਇਆ ਜਾਵੇ ਤਾਂ ਜੋ ਉਹ ਇਸ ਦੁੱਖ ਦੀ ਘੜੀ ਚ ਆਪਣੀ ਧੀ ਦੀ ਸਾਂਭ – ਸੰਭਾਲ ਕਰ ਸਕਣ। ਪਰ ਹੱਲੇ ਤੱਕ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ।