ਬਟਾਲਾ ਦੇ ਨੇੜੇ ਪਿੰਡ ਕਿਲਾ ਲਾਲ ਸਿੰਘ ਨਹਿਰ ‘ਚ ਛਾਲ ਮਾਰ ਇਕ ਨੌਜਵਾਨ ਨੇ ਆਤਮ ਹੱਤਿਆ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਪਹੁੰਚੀ ਤੇ ਨੌਜਵਾਨ ਕੋਲੋਂ ਉਸ ਦਾ ਪਛਾਣ ਪੱਤਰ ਮਿਲਿਆ ਹੈ।ਜਿਸ ਤੋਂ ਇਹ ਖੁਲਾਸਾ ਹੋਇਆ ਹੈ ਕਿ ਨੌਜਵਾਨ ਅਕਾਸ਼ਦੀਪ ਸਿੰਘ ਭਾਰਤ-ਪਾਕਿਸਤਾਨ ਸਰਹੱਦ ‘ਤੇ ਕਰਤਾਰਪੁਰ ਕੋਰੀਡੋਰ ਤੇ ਲੈਂਡ ਪੋਰਟ ਅਥਾਰਿਟੀ ਵਿੱਚ ਹਾਊਸਕੀਪਿੰਗ ਦੀ ਨੌਕਰੀ ‘ਤੇ ਹਾਜ਼ਰ ਸੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਅਕਾਸ਼ਦੀਪ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਦਾ ਰਹਿਣ ਵਾਲਾ ਹੈ। ਅਕਾਸ਼ਦੀਪ ਦਾ ਪਰਿਵਾਰ ਬਟਾਲਾ ਹਸਪਤਾਲ ਪਹੁੰਚਿਆ ਜਿੱਥੇ ਨੌਜਵਾਨ ਦੀ ਲਾਸ਼ ਵੇਖ ਮਾਂ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੋਇਆ ਹੈ। ਅਕਾਸ਼ਦੀਪ ਸਿੰਘ ਦੇ ਰਿਸ਼ਤੇਦਾਰ ਤੇ ਗੁਆਂਢੀ ਰਾਜੂ ਨੇ ਦੱਸਿਆ ਹੈ ਕਿ ਅਕਾਸ਼ਦੀਪ ਘਰ ਦਾ ਵੱਡਾ ਪੁੱਤ ਤੇ ਇਕਲੌਤਾ ਕਮਾਉਣ ਵਾਲਾ ਸੀ ਤੇ ਇਸ ਦੀ ਉਮਰ ਸਿਰਫ 20 ਸਾਲ ਦੀ ਸੀ।ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ। ਹੁਣ ਪਰਿਵਾਰ ਵਿੱਚ ਉਸ ਦੀ ਮਾਂ ਤੇ ਇਕ ਛੋਟਾ ਭਰਾ ਇਕੱਲੇ ਰਹਿ ਗਏ ਹਨ ।
ਰਾਜੂ ਨੇ ਅੱਗੇ ਕਿਹਾ ਕਿ ਇਹ ਕਾਫੀ ਸਮੇਂ ਤੋਂ ਕਰਤਾਰਪੁਰ ਕੋਰੀਡੋਰ ਵਿੱਚ ਨੌਕਰੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਬਹੁਤ ਬਿਮਾਰ ਸੀ ਪਰ ਅੱਜ ਘਰ ਤੋਂ ਆਪਣੀ ਡਿਊਟੀ ਤੇ ਗਿਆ ਸੀ। ਫਿਰ ਘਰ ਦੀਆ ਨੂੰ ਸੁਨੇਹਾ ਮਿਲਿਆ ਕਿ ਉਸ ਨੇ ਬਟਾਲਾ ਦੇ ਨਜ਼ਦੀਕ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ |ਇਸ ਤੋਂ ਬਾਅਦ ਨੌਜਵਾਨ ਨੂੰ ਨਹਿਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਐਂਬੂਲੈਂਸ ਰਾਹੀਂ ਲਿਜਾਇਆ ਗਿਆ| ਹਸਪਤਾਲ ਜਾ ਕੇ ਪਤਾ ਲੱਗਾ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ।
ਇਸ ਬਾਰੇ ਸਿਵਲ ਹਸਪਤਾਲ ਵਿੱਚ ਡਿਊਟੀ ਕਰਦੇ ਅਫਸਰ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਅਕਾਸ਼ ਨੂੰ ਐਂਬੂਲੈਂਸ ਰਾਹੀਂ ਇੱਥੇ ਭੇਜਿਆ ਗਿਆ ਸੀ,ਪਰ ਜਦੋ ਅਕਾਸ਼ਦੀਪ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤੇ ਸਾਰਾ ਮਾਮਲਾ ਖ਼ੁਦਕੁਸ਼ੀ ਦਾ ਦੱਸਿਆ ਗਿਆ ਸੀ| ਹਸਪਤਾਲ ਵਾਲਿਆਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਹੈ। ਅਕਾਸ਼ਦੀਪ ਦੇ ਪਰਿਵਾਰ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।