ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਅੱਜ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਨੂੰ ਬੁੱਧਵਾਰ ਦੇਰ ਸ਼ਾਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਗਈ ਸੀ, ਕਿਉਂਕਿ ਹੁਕਮਾਂ ਦੀ ਕਾਪੀ ਜੇਲ੍ਹ ਪ੍ਰਸ਼ਾਸਨ ਤੱਕ ਨਹੀਂ ਪਹੁੰਚੀ ਸੀ ।
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪਰਿਵਾਰ ਦੇ ਮੈਂਬਰ ਵਕੀਲ ਦੇ ਨਾਲ ਜਾ ਕੇ ਛੇਤੀ ਹੀ ਜ਼ਮਾਨਤ ਦੇ ਪੇਪਰ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦੇਣਗੇ। ਉਨ੍ਹਾਂ ਨੂੰ ਸਵੇਰੇ ਕਰੀਬ 10 ਵਜੇ ਜੇਲ੍ਹ ਤੋਂ ਰਿਹਾਈ ਮਿਲ ਸਕਦੀ ਹੈ । ਸਾਧੂ ਸਿੰਘ ਧਰਮਸੋਤ ਬੀਤੇ 3 ਮਹੀਨਿਆਂ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ‘ਚ ਜੇਲ੍ਹ ਵਿੱਚ ਅੰਦਰ ਹਨ।
ਵਿਜੀਲੈਂਸ ਬਿਊਰੋ ਵੱਲੋਂ 6 ਫਰਵਰੀ ਨੂੰ ਧਰਮਸੋਤ ਦੇ ਵਿਰੁੱਧ ਕੇਸ ਦਰਜ ਕਰਨ ਤੋਂ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੀ ਜਾਂਚ ਮੁਤਾਬਿਕ 2016 ਤੋਂ 2022 ਤੱਕ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 3.27 ਕਰੋੜ ਰੁਪਏ ਸੀ ਪਰ 6.39 ਕਰੋੜ ਰੁਪਏ ਤੋਂ ਜਿਆਦਾ 8.76 ਕਰੋੜ ਰੁਪਏ ਖਰਚ ਕੀਤੇ ਗਏ ਹਨ।