ਅਬੋਹਰ ‘ਚ ਇਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਬੀਤੇ ਦਿਨੀਂ ਬਹੁਤ ਮੀਂਹ ਤੇ ਗੜ੍ਹੇਮਾਰੀ ਦੇ ਕਾਰਨ ਉਸ ਦੀ ਫਸਲ ਬਰਬਾਦ ਹੋ ਚੁੱਕੀ ਸੀ,ਜਿਸ ਵਜ੍ਹਾ ਕਰਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਪੁਲਿਸ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤਾ ਹੈ।
ਸੂਚਨਾ ਦੇ ਅਨੁਸਾਰ ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਬੂਟਾ ਸਿੰਘ ਉਮਰ 55 ਸਾਲ ਵਜੋਂ ਕੀਤੀ ਗਈ ਹੈ। ਕਿਸਾਨ ਦੋ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਕਿਸਾਨ ਦੇ ਭਰਾ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ 14 ਏਕੜ ਜ਼ਮੀਨ ਸੀ। ਬੀਤੇ ਦਿਨੀਂ ਭਾਰੀ ਮੀਂਹ ਤੇ ਗੜ੍ਹੇਮਾਰੀ ਦੇ ਕਾਰਨ ਉਸ ਦੀ ਸਾਰੀ ਫਸਲ ਬਰਬਾਦ ਹੋ ਚੁੱਕੀ ਸੀ।
ਸਰਕਾਰ ਨੇ ਪਿੰਡ ‘ਚ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਵੀ ਕੀਤੀ ਸੀ ਪਰ ਅਜੇ ਤੱਕ ਇੱਕ ਪੈਸਾ ਵੀ ਮੁਆਵਜ਼ਾ ਵਜੋਂ ਨਹੀਂ ਮਿਲਿਆ, ਇਸ ਵਜ੍ਹਾ ਕਰਕੇ ਉਸਦਾ ਭਰਾ ਬੀਤੇ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਉੁਸ ਨੇ ਆਰਥਿਕ ਤੰਗੀ ਦੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਿੰਦਗੀ ਹੀ ਖ਼ਤਮ ਕਰ ਦਿੱਤੀ।
ਉਸ ਦੀ ਹਾਲਤ ਖ਼ਰਾਬ ਹੋਣ ‘ਤੇ ਪਰਿਵਾਰ ਦੇ ਮੈਬਰਾਂ ਨੇ ਉਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਜਿਥੋਂ ਉਸ ਨੂੰ ਡਾਕਟਰਾਂ ਨੇ ਬਠਿੰਡਾ ਰੈਫਰ ਕਰ ਦਿੱਤਾ ਪਰ ਉਥੇ ਪਹੁੰਚਣ ਤੋਂ ਪਹਿਲਾ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।