ਅਡਾਨੀ ਦੇ ਟਿਕਾਣੇ ‘ਤੇ ਛਾਪੇ ਮਾਰੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਰਾਜ ਆਬਕਾਰੀ ਅਤੇ ਕਰ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਇਹ ਛਾਪੇਮਾਰੀ ਅਡਾਨੀ ਵਿਲਮਰ ਗਰੁੱਪ ਦੇ ਸਟੋਰਾਂ ‘ਤੇ ਪਈ ਹੈ। ਆਬਕਾਰੀ ਟੀਮ ਦੇ ਅਧਿਕਾਰੀਆਂ ਨੇ ਸਟਾਕ ਦੀ ਜਾਂਚ ਕੀਤੀ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ।
8 ਫਰਵਰੀ ਨੂੰ ਆਬਕਾਰੀ ਵਿਭਾਗ ਦੀ ਟੀਮ ਦੇਰ ਰਾਤ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਸਥਿਤ ਅਡਾਨੀ ਦੇ ਸਟੋਰ ‘ਤੇ ਪਹੁੰਚੀ। ਇਸ ਦੌਰਾਨ ਗੋਦਾਮ ਵਿੱਚ ਪਏ ਸਟਾਕ ਅਤੇ ਸਟੋਰ ਨਾਲ ਸਬੰਧਤ ਕਾਗਜ਼ਾਤ ਦੀ ਜਾਂਚ ਕੀਤੀ ਗਈ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਖਾਤੇ ਬਰਾਬਰ ਹਨ ਜਾਂ ਨਹੀਂ| ਖ਼ਬਰਾਂ ਦੇ ਅਨੁਸਾਰ ਅਡਾਨੀ ਵਿਲਮਰ ਲਿਮਟਿਡ ਨੇ ਪਿਛਲੇ ਸਾਲ ਸੂਬੇ ‘ਚ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ। ਪਰ ਟੈਕਸ ਦੇਣਦਾਰੀ ਦਾ ਲਗਭਗ 10-15% ਨਕਦ ਭੁਗਤਾਨ ਨਹੀਂ ਕੀਤਾ ਗਿਆ ਸੀ।
ਅਡਾਨੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਹੋਈ ਛਾਪੇਮਾਰੀ ਨੂੰ ਲੈ ਕੇ ਇੱਕ ਬਿਆਨ ਕਿਹਾ ਹੈ ਕਿ ਜੀਐਸਟੀ ਅਧਿਕਾਰੀਆਂ ਨੂੰ ਸਾਡੇ ਕਰਮਚਾਰੀਆਂ ਨੇ ਇਸ ਨਿਰੀਖਣ ਦੌਰਾਨ ਸਰਕਾਰੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ। ਜਾਂਚ ਦੌਰਾਨ ਅਧਿਕਾਰੀਆਂ ਨੂੰ ਕੋਈ ਬੇਨਿਯਮੀ ਨਹੀਂ ਪਾਈ ਗਈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ GST ਦੇ ਨਿਯਮ 86B ਦੇ ਤਹਿਤ ਨਕਦ ਵਿੱਚ ਟੈਕਸ ਦੇਣਦਾਰੀ ਦਾ ਭੁਗਤਾਨ ਕਰਨ ਦੀ ਕੋਈ ਜਰੂਰਤ ਨਹੀਂ ਹੈ।
ਇਨ੍ਹਾਂ ਦੋਵਾਂ ਕੰਪਨੀਆਂ ਨੂੰ ਲੈ ਕੇ ਹਿਮਾਚਲ ਸਰਕਾਰ ਅਤੇ ਅਡਾਨੀ ਗਰੁੱਪ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਹੈ। ਦਰਅਸਲ, ਅਡਾਨੀ ਸਮੂਹ ਅਤੇ ਟਰੱਕ ਆਪਰੇਟਰਾਂ ਵਿਚਕਾਰ ਮਾਲ ਭਾੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਅਡਾਨੀ ਸਮੂਹ ਨੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਦੋਵੇਂ ਸੀਮਿੰਟ ਪਲਾਂਟਾਂ ਵਿੱਚ ਲਗਭਗ 2 ਮਹੀਨਿਆਂ ਤੋਂ ਉਤਪਾਦਨ ਬੰਦ ਕਰ ਦਿੱਤਾ ਹੈ।
ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਅਡਾਨੀ ਗਰੁੱਪ ਦੇ ਅੜੀਅਲ ਰਵੱਈਏ ਕਾਰਨ ਇਸ ਵਿਵਾਦ ਦਾ ਹੱਲ ਨਹੀਂ ਨਿਕਲ ਪਾ ਰਿਹਾ। ਸੂਬਾ ਸਰਕਾਰ ਅਡਾਨੀ ਗਰੁੱਪ ਖ਼ਿਲਾਫ਼ ਕਾਰਵਾਈ ਲਈ ਕਾਨੂੰਨੀ ਰਾਏ ਵੀ ਲੈ ਰਹੀ ਹੈ। ਕਿਉਂਕਿ ਪਲਾਂਟ ਬੰਦ ਹੋਣ ਕਾਰਨ ਸੈਂਕੜੇ ਟਰਾਂਸਪੋਰਟਰਾਂ ਦੀ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਕਾਰਨ ਸੂਬਾ ਸਰਕਾਰ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਅਡਾਨੀ ਗਰੁੱਪ ਵਿਚਾਲੇ ਪੈਦਾ ਹੋਈ ਫੁੱਟ ਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਗਰੁੱਪ ਨੇ ਕੁਝ ਲੋਕਾਂ ਦੀਆਂ ਜ਼ਮੀਨਾਂ ਲੈ ਕੇ ਸੀਮਿੰਟ ਪਲਾਂਟ ਸ਼ੁਰੂ ਕੀਤੇ ਨੇ ,ਪਰ ਹੁਣ ਇਨ੍ਹਾਂ ਲੋਕਾਂ ਨੇ ਕੰਪਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ |