ਦੇਹਰਾਦੂਨ (ਹਰਮੀਤ): ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਤਿਉਹਾਰ ‘ਤੇ ਕੇਦਾਰਨਾਥ ਅਤੇ ਯਮੁਨੋਤਰੀ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਸ਼ੁਰੂ ਹੋਈ। ਦੋਵੇਂ ਧਾਮ ਦੇ ਦਰਵਾਜ਼ੇ ਸਵੇਰੇ ਸੱਤ ਵਜੇ ਖੁੱਲ੍ਹ ਗਏ ਅਤੇ ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉਨ੍ਹਾਂ ਦੀ ਪਤਨੀ ਗੀਤਾ ਨੇ ਵੀ ਕੇਦਾਰਨਾਥ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਦੇਖੀ।
ਕੇਦਾਰਨਾਥ ਮੰਦਰ ਦਾ ਮੁੱਖ ਦਰਵਾਜ਼ਾ ਵੈਦਿਕ ਮੰਤਰਾਂ ਦੇ ਜਾਪ ਅਤੇ ‘ਬਮ-ਬਮ ਭੋਲੇ’ ਅਤੇ ‘ਬਾਬਾ ਕੇਦਾਰ ਕੀ ਜੈ’ ਦੇ ਜੈਕਾਰਿਆਂ ਨਾਲ ਸਵੇਰੇ ਸੱਤ ਵਜੇ ਵਿਸ਼ੇਸ਼ ਪੂਜਾ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਇਸ ਮੌਕੇ ਮੰਦਿਰ ਪਰਿਸਰ ਵਿੱਚ ਮੌਜੂਦ ਕਰੀਬ ਦਸ ਹਜ਼ਾਰ ਸ਼ਰਧਾਲੂ ਸੈਨਾ ਦੀ ਗ੍ਰੇਨੇਡੀਅਰ ਰੈਜੀਮੈਂਟ ਦੇ ਬੈਂਡ ਦੀਆਂ ਧੁਨਾਂ ਨਾਲ ਸ਼ਰਧਾ ਭਾਵਨਾ ਨਾਲ ਨਿਹਾਲ ਹੋਏ। ਅਹਾਤੇ ਵਿੱਚ ਕੁਝ ਸ਼ਰਧਾਲੂ ਡਮਰੂ ਨਾਲ ਨੱਚਦੇ ਦੇਖੇ ਗਏ। ਮੰਦਰ ਨੂੰ 20 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਦਰਵਾਜ਼ੇ ਖੋਲ੍ਹਣ ਸਮੇਂ ਹੈਲੀਕਾਪਟਰ ਤੋਂ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।
ਇਸ ਦੇ ਨਾਲ ਹੀ ਉਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਦੇ ਦਰਵਾਜ਼ੇ ਵੀ ਸੱਤ ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ‘ਜੈ ਮਾਂ ਯਮੁਨਾ’ ਦੇ ਜੈਕਾਰੇ ਲਗਾ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਵਾਰ ਚਾਰਧਾਮ ਯਾਤਰਾ ਨਵਾਂ ਰਿਕਾਰਡ ਬਣਾਏਗੀ। ਗੰਗੋਤਰੀ ਧਾਮ ਦੇ ਦਰਵਾਜ਼ੇ ਦੁਪਹਿਰ ਨੂੰ ਖੁੱਲ੍ਹਣਗੇ ਜਦਕਿ ਚਾਰਧਾਮਾਂ ਵਿੱਚ ਸ਼ਾਮਲ ਬਦਰੀਨਾਥ ਦੇ ਦਰਵਾਜ਼ੇ ਐਤਵਾਰ ਨੂੰ ਖੁੱਲ੍ਹਣਗੇ।