ZIM vs IND: ਏਸ਼ੀਆ ਕੱਪ ਤੋਂ ਪਹਿਲਾਂ ਜ਼ਿੰਬਾਬਵੇ ਵਨਡੇ ਸੀਰੀਜ਼ ਲਈ ਫਿੱਟ ਹੋਣ ਨਾਲ ਕੇਐੱਲ ਰਾਹੁਲ ਨੂੰ ਕਾਫੀ ਫਾਇਦਾ ਮਿਲੇਗਾ। ਉਹ ਆਪਣੀ ਲੈਅ ਨੂੰ ਪਰਖ ਸਕਦਾ ਹੈ। ਆਉਣ ਵਾਲੇ ਮੈਚਾਂ ‘ਚ ਸ਼ਿਖਰ ਧਵਨ ਦੇ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਦੌਰੇ ‘ਤੇ ਟੀਮ ਦੀ ਅਗਵਾਈ ਕਰ ਰਹੇ ਰਾਹੁਲ ਓਪਨਿੰਗ ਕਰਨਗੇ, ਜਦਕਿ ਵੈਸਟਇੰਡੀਜ਼ ਦੌਰੇ ‘ਤੇ ਧਵਨ ਦੇ ਨਾਲ ਇਹ ਭੂਮਿਕਾ ਨਿਭਾਉਣ ਵਾਲੇ ਸ਼ੁਭਮਨ ਗਿੱਲ ਨੂੰ ਤੀਜੇ ਨੰਬਰ ‘ਤੇ ਆਉਣਾ ਹੋਵੇਗਾ।
ਮੁੱਖ ਕੋਚ ਰਾਹੁਲ ਦ੍ਰਾਵਿੜ ਵੀਰਵਾਰ (18 ਅਗਸਤ) ਤੋਂ ਹਰਾਰੇ ‘ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਦੇ ਨਾਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਐਨਸੀਏ (ਰਾਸ਼ਟਰੀ ਕ੍ਰਿਕਟ ਅਕੈਡਮੀ) ਦੇ ਮੁਖੀ ਵੀਵੀਐਸ ਲਕਸ਼ਮਣ ਕੋਚ ਦੀ ਭੂਮਿਕਾ ਨਿਭਾਉਣਗੇ। ਇਹ ਲਗਭਗ ਤੈਅ ਹੈ ਕਿ ਲਕਸ਼ਮਣ ਮੁੱਖ ਕੋਚ ਦੁਆਰਾ ਤੈਅ ਬਲੂਪ੍ਰਿੰਟ ਦੀ ਪਾਲਣਾ ਕਰਨਗੇ। ਰਾਹੁਲ ਦੀ ਵਾਪਸੀ ਨੇ ਸਿਖਰਲੇ ਕ੍ਰਮ ਦੇ ਨੌਜਵਾਨ ਬੱਲੇਬਾਜ਼ ਗਿੱਲ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਗਿੱਲ ਨੇ ਵੈਸਟਇੰਡੀਜ਼ ਵਿੱਚ 50 ਓਵਰਾਂ ਦੇ ਫਾਰਮੈਟ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ। 64, 43 ਅਤੇ ਨਾਬਾਦ 98 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਕੇ ਉਸ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ।
ਰਾਸ਼ਟਰੀ ਟੀਮ ਦੇ ਸਾਬਕਾ ਚੋਣਕਾਰ ਅਤੇ ਟੈਸਟ ਸਲਾਮੀ ਬੱਲੇਬਾਜ਼ ਦੇਵਾਂਗ ਗਾਂਧੀ ਨੇ ਇਸ ਮੁੱਦੇ ‘ਤੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸ਼ੁਭਮਨ ਨੂੰ ਭਾਰਤੀ ਟੀਮ ਪ੍ਰਬੰਧਨ ਦੁਆਰਾ ਸਹੀ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਉਸ ਨੇ ਕੈਰੇਬੀਅਨ ਧਰਤੀ ‘ਤੇ ਵਨਡੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਟੀਮ ਖਿਡਾਰੀਆਂ ਨੂੰ ਇਸ ਤਰ੍ਹਾਂ ਤਿਆਰ ਕਰ ਰਹੀ ਹੈ ਕਿ ਉਹ ਕਿਸੇ ਵੀ ਸਥਿਤੀ ‘ਤੇ ਬੱਲੇਬਾਜ਼ੀ ਕਰ ਸਕਣ। ਸ਼ੁਭਮਨ ਨੂੰ ਇਸ ਖਾਸ ਸੀਰੀਜ਼ ਲਈ ਤੀਜੇ ਨੰਬਰ ‘ਤੇ ਆਉਣਾ ਪੈ ਸਕਦਾ ਹੈ।
ਦੇਵਾਂਗ ਦੀ ਗੱਲ ਨਾਲ ਸਾਬਕਾ ਭਾਰਤੀ ਖਿਡਾਰੀ ਦੀਪ ਦਾਸ ਗੁਪਤਾ ਨੇ ਵੀ ਸਹਿਮਤੀ ਪ੍ਰਗਟਾਈ। “ਇੰਨੀ ਚੰਗੀ ਲੈਅ ਵਿੱਚ ਹੋਣ ਤੋਂ ਬਾਅਦ ਇੱਕ ਖਿਡਾਰੀ ਲਈ ਇਹ ਮੁਸ਼ਕਲ ਹੁੰਦਾ ਹੈ। ਫਿਲਹਾਲ ਟੀਮ ਦਾ ਟੀਚਾ ਰਾਹੁਲ ਨੂੰ ਏਸ਼ੀਆ ਕੱਪ ਟੀ-20 ਲਈ ਸਲਾਮੀ ਬੱਲੇਬਾਜ਼ ਵਜੋਂ ਤਿਆਰ ਕਰਨਾ ਹੋਵੇਗਾ। ਉਸ ਨੂੰ ਬੱਲੇਬਾਜ਼ੀ ਲਈ ਕਾਫੀ ਸਮਾਂ ਮਿਲਣਾ ਚਾਹੀਦਾ ਹੈ ਅਤੇ ਇਹ ਮੇਰੀ ਤਰਜੀਹ ਹੈ। ਮੈਨੂੰ ਲੱਗਦਾ ਹੈ ਕਿ ਇਹ ਥੋੜ੍ਹੇ ਸਮੇਂ ਲਈ ਪ੍ਰਬੰਧ ਹੋਵੇਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਸ਼ੁਭਮਨ ਨੂੰ ਵਨਡੇ ਵਿਸ਼ਵ ਕੱਪ ਲਈ ਸਲਾਮੀ ਬੱਲੇਬਾਜ਼ ਵਜੋਂ ਤਿਆਰ ਕੀਤਾ ਜਾ ਰਿਹਾ ਹੈ।