ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਵਿਚ ਹੋਈ ਵਾਰ ਰੂਮ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਹੁਣ ਚੰਡੀਗੜ੍ਹ ਵਿਚ ਅਜੇ ਵੀਕੈਂਡ ਕਰਫਿਊ ਨਹੀਂ ਲਗਾਇਆ ਜਾਵੇਗਾ| ਦੱਸਿਆ ਜਾ ਰਿਹਾ ਹੈ ਕਿ ਹੋਟਲਾਂ, ਕੈਫੇ ਨੂੰ ਰਾਤ 10 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ‘ਤੇ ਅੱਧੀ ਰਾਤ ਤੋਂ ਬਾਅਦ ਕੋਈ ਵੀ ਹੋਮ ਡਿਲੀਵਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੀਟਿੰਗ ਦੇ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਵਿਕਲਾਂਗ ਵਿਅਕਤੀਆਂ ਤੇ ਗਰਭਵਤੀ ਔਰਤਾਂ ਜੋ ਕਿ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿਚ ਕੰਮ ਕਰਦੇ ਹਨ, ਨੂੰ ‘ਵਰਕ ਫਰਾਮ ਹੋਮ’ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਘਰ ਵਿਚ ਸੁਰੱਖਿਅਤ ਰਹਿ ਸਕਣ ਤੇ ਕੋਰੋਨਾ ਮਹਾਮਾਰੀ ਤੋਂ ਵੀ ਬਚ ਸਕਣ। ਜਨਤਕ ਟਰਾਂਸਪੋਰਟ ਜਿਵੇਂ ਬੱਸਾਂ, ਟੈਕਸੀਅਂ ਤੇ ਆਟੋ ਰਿਕਸ਼ਾ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੋਹਾਲੀ ਵਿੱਚ 4363 ਐਕਟਿਵ ਕੇਸ ਹਨ, ਪੰਚਕੂਲਾ ਵਿੱਚ 2343 ਐਕਟਿਵ ਕੇਸ ਹਨ ਜਦੋਂ ਕਿ ਯੂਟੀ, ਚੰਡੀਗੜ੍ਹ ਵਿੱਚ 4808 ਐਕਟਿਵ ਕੇਸ ਹਨ। ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਹ ਵੀ ਖਬਰਾਂ ਹਨ ਕਿ ਕੁਝ ਮੰਡੀਆਂ ਵਿਚ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਡੀ. ਜੀ. ਪੀ. ਨੂੰ ਚਲਾਨ ਕੱਟਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤੇ ਸਥਿਤੀ ਨਾਲ ਸਖਤੀ ਨਾਲ ਨਜਿੱਠਣ ਲਈ ਕਿਹਾ।