ਗੋਰਾਇਆ (ਸਾਹਿਬ) – ਪੰਜਾਬ ਵਿਚ ਗਰਮੀ ਦਾ ਲਗਾਤਾਰ ਵੱਧ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ’ਚ ਇਸ ਸਮੇਂ 42 ਡਿਗਰੀ ਤੋਂ ਵੱਧ ਤਾਪਮਾਨ ਚੱਲ ਰਿਹਾ ਹੈ। ਇਸ ਅੱਗ ਵਰਾਊ ਧੁੱਪ ਕਾਰਣ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਸੜਕਾਂ ’ਤੇ ਕਰਫਿਊ ਵਰਗੇ ਹਾਲਾਤ ਨਜ਼ਰ ਆਉਂਦੇ ਹਨ। ਸ਼ਹਿਰ ਦੇ ਦੁਕਾਨਦਾਰਾਂ ਦਾ ਕੰਮ ਪੇਂਡੂ ਖੇਤਰਾਂ ਦੇ ਲੋਕਾਂ ’ਤੇ ਨਿਰਭਰ ਹੋਣ ਕਾਰਨ ਸਾਰਾ ਦਿਨ ਬਾਜ਼ਾਰਾਂ ’ਚ ਵੀ ਸੰਨਾਟਾ ਪਿਆ ਦਿਖਾਈ ਦਿੰਦਾ ਹੈ।
ਗਰਮੀ ਦੇ ਵੱਧਦੇ ਤਾਪਮਾਨ ਨੇ ਸਾਰਾ ਕੰਮ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਅਜੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਰ ਕੇ ਅਗਲੇ ਤਿੰਨ-ਚਾਰ ਦਿਨਾਂ ਵਿਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰਾ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਪਹੁੰਚ ਰਿਹਾ ਹੈ।