ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਚੱਲ ਰਹੇ ਵੀਆਈਪੀ ਕਲਚਰ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹਨ। ਸਾਬਕਾ ਮੰਤਰੀਆਂ ਤੇ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਹੁਣ ਸੀ.ਐਮ ਮਾਨ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਦਰਅਸਲ, ਸੀਐਮ ਮਾਨ ਨੇ ਹੁਕਮ ਦਿੱਤਾ ਹੈ ਕਿ ਮਹਿੰਗੇ ਅਤੇ ਆਲੀਸ਼ਾਨ ਹੋਟਲਾਂ ਵਿੱਚ ਰਹਿਣ ਦੀ ਬਜਾਏ ਹੁਣ ਸਾਰੇ ਮੰਤਰੀ, ਵਿਧਾਇਕ ਅਤੇ ਅਧਿਕਾਰੀ ਸਰਕਾਰੀ ਗੈਸਟ ਹਾਊਸਾਂ ਵਿੱਚ ਰਹਿਣਗੇ। ਇਸ ਨਾਲ ਨਾ ਸਿਰਫ਼ ਸੂਬੇ ਦਾ ਪੈਸਾ ਬਚੇਗਾ, ਸਗੋਂ ਵੀਆਈਪੀ ਕਲਚਰ ਨੂੰ ਵੀ ਠੱਲ੍ਹ ਪਵੇਗੀ।
ਇਸ ਬਾਰੇ ਸੀਐਮ ਮਾਨ ਨੇ ਕਿਹਾ ਹੈ ਕਿ ਜਦੋਂ ਵੀ ਮੰਤਰੀ, ਅਧਿਕਾਰੀ ਜਾਂ ਆਗੂ ਕਿਤੇ ਬਾਹਰ ਜਾਂਦੇ ਹਨ ਤਾਂ ਉਹ ਮਹਿੰਗੇ ਹੋਟਲਾਂ ਵਿੱਚ ਠਹਿਰਦੇ ਹਨ, ਜਿਸ ਕਾਰਨ ਬਹੁਤ ਸਾਰਾ ਪੈਸਾ ਬਰਬਾਦ ਹੁੰਦਾ ਹੈ। ਪਰ ਹੁਣ ਤੋਂ ਕੋਈ ਵੀ ਮੰਤਰੀ, ਨੇਤਾ ਅਤੇ ਅਧਿਕਾਰੀ ਸਰਕਾਰੀ ਗੈਸਟ ਹਾਊਸ ਵਿੱਚ ਹੀ ਠਹਿਰੇਗਾ। ਇਸ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਮੁੱਖ ਮੰਤਰੀ ਦਫ਼ਤਰ ਨੇ ਪੰਜਾਬ ਸਰਕਾਰ ਅਧੀਨ ਆਉਂਦੇ ਸਰਕਟ ਹਾਊਸ ਅਤੇ ਸਰਕਾਰੀ ਗੈਸਟ ਹਾਊਸ ਦਾ ਰਿਕਾਰਡ ਵੀ ਮੰਗ ਲਿਆ ਹੈ। ਜਿਨ੍ਹਾਂ ਸਰਕਾਰੀ ਗੈਸਟ ਹਾਊਸਾਂ ਦੀ ਹਾਲਤ ਠੀਕ ਨਹੀਂ ਹੈ, ਉਨ੍ਹਾਂ ਦੀ ਮੁਰੰਮਤ ਕਰਨ ਦੇ ਵੀ ਆਦੇਸ਼ ਦਿੱਤੇ ਜਾ ਰਹੇ ਹਨ।