ਬਠਿੰਡਾ (ਰਾਘਵ): ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਿਆ ਜਾਣ ਵਾਲਾ ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਸਵੇਰੇ 9.30 ਵਜੇ ਦਾ ਸਮਾਂ ਦੇ ਡੇਢ ਘੰਟਾ ਪੇਪਰ ਲੇਟ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਨਰਸਿੰਗ ਸਟਾਫ ਦੀਆਂ 120 ਪੋਸਟਾਂ ਲਈ ਪੇਪਰ ਹੋਣਾ ਸੀ ਪਰ ਤਕਨੀਕੀ ਖਰਾਬੀ ਹੋਣ ਕਾਰਨ ਕਾਰਨ ਪੇਪਰ ਨਹੀਂ ਲਿਆ ਗਿਆ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੈਂਟਰ ਵੀ ਬਦਲੇ ਗਏ। ਪਰ ਹੁਣ ਨਰਸਿੰਗ ਦਾ ਪੇਪਰ ਲੀਕ ਹੋ ਜਾਣ ਦਾ ਇਲਜ਼ਾਮ ਲੱਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੇਪਰ ਰੱਦ ਕਰਕੇ ਦੁਬਾਰਾ ਪੇਪਰ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਨਰਸਿੰਗ ਰਿਕਰੂਟਮੈਂਟ ਟੈਸਟ ਮਾਮਲੇ ’ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਅੱਜ ਸਵੇਰ ਅਤੇ ਸ਼ਾਮ ਸਮੇਂ ਲਏ ਜਾਣ ਵਾਲੇ ਦੋਹੇਂ ਪੇਪਰ ਰੱਦ ਕਰ ਦਿੱਤੇ ਹਨ। ਜਦਕਿ ਭਲਕੇ ਲਿਆ ਜਾਣ ਵਾਲਾ ਪੇਪਰ ਵੀ ਮੁਲਤਵੀ ਕਰ ਦਿੱਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੇਪਰ ਲੀਕ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੇਪਰ ਕੰਪਿਊਟਰ ਬੇਸਡ ਟੈਸਟ ਸੀ ਇਸਦੇ ਲੀਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੈੱਟ ਫੇਲ੍ਹ ਹੋਣ ਨਾਲ ਸਰਵਰ ਡਾਊਨ ਹੋਇਆ ਹੈ। ਇਸ ਲਈ ਸਮੇਂ ਸਿਰ ਪੇਪਰ ਸ਼ੁਰੂ ਨਹੀਂ ਹੋ ਸਕਿਆ।