ਮਹੋਬਾ (ਯੂਪੀ) (ਸਾਹਿਬ)— ਯੂਪੀ ਦੇ ਮਹੋਬਾ ਜ਼ਿਲ੍ਹੇ ਵਿੱਚ ਦੇਰ ਰਾਤ ਹਾਈਵੇਅ ’ਤੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਕਾਰਨ ਟਰੱਕ ਨੂੰ ਅੱਗ ਲੱਗ ਗਈ। ਜਿਸ ਕਾਰਨ ਟਰੱਕ ਵਿੱਚ ਮੌਜੂਦ ਦੋਵੇਂ ਡਰਾਈਵਰ ਜ਼ਿੰਦਾ ਸੜ ਗਏ। ਇਸ ਦਰਦਨਾਕ ਘਟਨਾ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਸਹਿਮ ਗਏ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ।
- ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ’ਤੇ ਏਐਸਪੀ, ਐਸਡੀਐਮ ਅਤੇ ਟਰੈਫਿਕ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ’ਤੇ ਪੁੱਜੇ। ਜਿੱਥੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨਾਲ ਟਰੱਕਾਂ ਵਿੱਚ ਲੱਗੀ ਅੱਗ ਨੂੰ ਬੜੀ ਮੁਸ਼ਕਲ ਨਾਲ ਬੁਝਾਇਆ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਮੁਰਦਾ ਘਰ ਵਿੱਚ ਰਖਵਾਇਆ ਗਿਆ। ਪੁਲੀਸ ਨੇ ਕਰੇਨ ਦੀ ਮਦਦ ਨਾਲ ਸੜੇ ਹੋਏ ਟਰੱਕਾਂ ਨੂੰ ਹਾਈਵੇਅ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
- ਦੱਸ ਦੇਈਏ ਕਿ ਮਹੋਬਾ ਦੇ ਖੰਨਾ ਥਾਣਾ ਖੇਤਰ ਦੇ ਅਧੀਨ ਕਾਨਪੁਰ-ਸਾਗਰ ਨੈਸ਼ਨਲ ਹਾਈਵੇ ‘ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਦੇਰ ਰਾਤ ਦੋ ਟਰੱਕਾਂ ਦੀ ਸਿੱਧੀ ਟੱਕਰ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੋਵੇਂ ਟਰੱਕ ਸੜਨ ਲੱਗੇ। ਦੋਵੇਂ ਟਰੱਕ ਹਾਈਵੇਅ ਦੇ ਵਿਚਕਾਰ ਅੱਗ ਦੇ ਗੋਲੇ ਬਣ ਗਏ।