ਜਲੰਧਰ (ਜਸਪ੍ਰੀਤ): ਜਲੰਧਰ ਦੇ ਪਿੰਡ ਭਡਿਆਣਾ ‘ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਪਿੰਡ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਉਸਦੇ ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਸੜ ਗਏ। ਮਾਂ ਅਤੇ ਬੱਚੇ ਨੂੰ ਗੰਭੀਰ ਹਾਲਤ ‘ਚ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਤਿੰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਡਿਆਣਾ ਦੀ ਰਹਿਣ ਵਾਲੀ ਔਰਤ ਮੀਨੂੰ ਅਤੇ ਉਸ ਦੇ ਦੋ ਬੱਚੇ ਨਿਸ਼ਠਾ (4) ਅਤੇ ਪ੍ਰਭੂ (ਡੇਢ ਸਾਲ) ਅੱਜ ਸਵੇਰੇ ਘਰ ਵਿੱਚ ਹੀ ਬੁਰੀ ਤਰ੍ਹਾਂ ਝੁਲਸ ਗਏ। ਘਰ ‘ਚ ਚੀਕ ਚਿਹਾੜਾ ਸੁਣ ਕੇ ਆਸਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ।
ਅੱਗ ਬੁਝਾਉਣ ਤੋਂ ਬਾਅਦ ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਆਦਮਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਤਿੰਨਾਂ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਮੀਨੂੰ ਦਾ ਪਤੀ ਮਨਜੀਤ ਸਿੰਘ ਦੁਬਈ ਰਹਿੰਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਦੁਬਈ ਵਿੱਚ ਉਸ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮੀਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਚਿੰਤਤ ਸੀ। ਪਿੰਡ ਵਿੱਚ ਚਰਚਾ ਹੈ ਕਿ ਉਹ ਆਪਣੇ ਪਤੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ, ਜਿਸ ਕਾਰਨ ਅੱਜ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ‘ਚ ਮੀਨੂੰ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।