ਜਲੰਧਰ (ਰਾਘਵ): ਵੈਸਟ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਕੌਣ ਹੋਵੇਗਾ, ਇਹ ਹਾਲੇ ਤੈਅ ਨਹੀਂ ਹੋਇਆ ਹੈ ਪਰ ਟਿਕਟ ਨੂੰ ਲੈ ਕੇ ਕਾਂਗਰਸੀ ਆਗੂਆਂ ਵਿੱਚ ਜ਼ੋਰਦਾਰ ਮੁਕਾਬਲਾ ਚੱਲ ਰਿਹਾ ਹੈ। ਕਾਂਗਰਸ ਭਵਨ ਵਿਖੇ ਹੁਣ ਤੱਕ ਕੁੱਲ 15 ਆਗੂਆਂ ਨੇ ਟਿਕਟਾਂ ਲਈ ਅਪਲਾਈ ਕੀਤਾ ਹੈ। ਇਨ੍ਹਾਂ ਵਿੱਚੋਂ ਛੇ ਸਾਬਕਾ ਕੌਂਸਲਰ ਹਨ। ਦਰਅਸਲ ਪੱਛਮੀ ਹਲਕੇ ਦੀ ਕਮਾਨ ਸੁਸ਼ੀਲ ਰਿੰਕੂ ਦੇ ਹੱਥ ਸੀ ਪਰ ਉਹ ਪਿਛਲੇ ਸਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਦੋਂ ਤੋਂ ਇਹ ਹਲਕਾ ਕਿਸੇ ਦੇ ਹਵਾਲੇ ਨਹੀਂ ਕੀਤਾ ਗਿਆ । ਹੁਣ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਚੋਣ ਕਮਿਸ਼ਨ ਨੇ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਈ ਆਗੂ ਇੱਥੋਂ ਟਿਕਟਾਂ ਲਈ ਮੈਦਾਨ ਵਿੱਚ ਨਿੱਤਰ ਆਏ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਚਰਨਜੀਤ ਚੰਨੀ ਨੇ ਜਲੰਧਰ ਤੋਂ 1.75 ਲੱਖ ਦੀ ਲੀਡ ਨਾਲ ਜਿੱਤ ਦਰਜ ਕੀਤੀ ਸੀ। ਚੰਨੀ ਨੇ ਵੈਸਟ ਹਲਕਾ ਵੀ ਜਿੱਤਿਆ ਸੀ। ਪੱਛਮੀ ਹਲਕੇ ਵਿੱਚ ਕਾਂਗਰਸ ਨੂੰ 44394 ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 42837 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਸਿਰਫ਼ 15629 ਵੋਟਾਂ ਹੀ ਹਾਸਲ ਕਰ ਸਕੀ ਅਤੇ ਅਕਾਲੀ ਦਲ ਨੂੰ ਸਿਰਫ਼ 2623 ਵੋਟਾਂ ਮਿਲੀਆਂ।