ਛੱਤੀਸਗੜ੍ਹ ਵਿੱਚ ਇੱਕ ਨਾਬਾਲਗ ਪੁੱਤ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਇਸ ਲੜਕੇ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਆਪਣੇ ਘਰ ‘ਚ ਹੀ ਦੱਬ ਦਿੱਤਾ। ਇਹ ਹੈਰਾਨ ਕਰਨ ਵਾਲੀ ਘਟਨਾ ਸਰਗੁਜਾ ਜ਼ਿਲ੍ਹੇ ਦੀ ਹੈ। ਜ਼ਿਲੇ ਦੇ ਉਦੈਪੁਰ ਥਾਣਾ ਅਧੀਨ ਪੈਂਦੇ ਪਿੰਡ ਖੋਧਾਲਾ ‘ਚ ਇਕ ਨਾਬਾਲਗ ਪੁੱਤਰ ‘ਤੇ ਆਪਣੇ ਮਾਤਾ-ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਘਰ ‘ਚ ਦਫਨਾਉਣ ਦਾ ਦੋਸ਼ ਲੱਗਾ ਹੈ।
ਕਰੀਬ 5 ਦਿਨਾਂ ਬਾਅਦ ਮ੍ਰਿਤਕ ਦੇ ਭਰਾ ਨੇ ਉਦੈਪੁਰ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਉਦੈਪੁਰ ਪੁਲਸ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੈਜਿਸਟ੍ਰੇਟ ਦੀ ਮੌਜੂਦਗੀ ‘ਚ ਲਾਸ਼ਾਂ ਨੂੰ ਬਾਹਰ ਕੱਢਿਆ। ਮਾਮਲੇ ਵਿੱਚ ਉਦੈਪੁਰ ਪੁਲਿਸ ਨੇ ਨਾਬਾਲਗ ਪੁੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜੈਰਾਮ ਸਿੰਘ (50) ਆਪਣੀ ਪਤਨੀ ਫੁਲਸੁੰਦਰੀ ਬਾਈ (45) ਅਤੇ ਉਨ੍ਹਾਂ ਦੇ ਨਾਬਾਲਗ ਪੁੱਤਰ ਨਾਲ ਉਦੈਪੁਰ ਬਲਾਕ ਦੀ ਗ੍ਰਾਮ ਪੰਚਾਇਤ ਖੋਂਧਾਲਾ ਤਿਕਰਪਾੜਾ ਵਿੱਚ ਰਹਿੰਦਾ ਸੀ। ਉਸ ਦਾ ਵੱਡਾ ਪੁੱਤਰ ਘਰੋਂ ਬਾਹਰ ਗਿਆ ਹੋਇਆ ਸੀ। ਕਰੀਬ ਪੰਜ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਨਾਬਾਲਗ ਪੁੱਤਰ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰਕੇ ਦੋਵਾਂ ਦੀਆਂ ਲਾਸ਼ਾਂ ਘਰ ‘ਚ ਹੀ ਦੱਬ ਦਿੱਤੀਆਂ ਸਨ।
ਜਦੋਂ ਪਤੀ-ਪਤਨੀ ਦੇ ਵੱਡੇ ਲੜਕੇ ਨੇ ਵਾਪਸ ਆ ਕੇ ਮਾਤਾ-ਪਿਤਾ ਬਾਰੇ ਪੁੱਛਗਿੱਛ ਕੀਤੀ ਤਾਂ ਛੋਟੇ ਭਰਾ ਨੇ ਦੋਵਾਂ ਨੂੰ ਮਾਰਨ ਦੀ ਸੂਚਨਾ ਦਿੱਤੀ ਅਤੇ ਫਰਾਰ ਹੋ ਗਿਆ। ਉਦੈਪੁਰ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਆਈ ਸਮਰੇਂਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਨਾਇਬ ਤਹਿਸੀਲਦਾਰ ਸ਼ਿਵਨਾਰਾਇਣ ਰਾਠੀਆ ਦੀ ਹਾਜ਼ਰੀ ਵਿੱਚ ਲਾਸ਼ਾਂ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਗਿਆ।
ਐਸਆਈ ਸਮਰੇਂਦਰ ਸਿੰਘ ਨੇ ਦੱਸਿਆ ਕਿ ਨਾਬਾਲਗ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਉਸ ਨਾਲ ਕੋਈ ਲਾਡ-ਪਿਆਰ ਨਹੀਂ ਕਰਦੇ ਸਨ, ਜਿਸ ਕਾਰਨ ਨਾਬਾਲਗ ਆਪਣੇ ਮਾਤਾ-ਪਿਤਾ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ। ਦੋਵੇਂ ਉਸ ਦੀ ਇੱਛਾ ਵੀ ਪੂਰੀ ਨਹੀਂ ਕਰ ਰਹੇ ਸਨ। ਇਸੇ ਕਾਰਨ ਨਾਬਾਲਗ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲੇਆਮ ਤੋਂ ਬਾਅਦ ਪਿੰਡ ਖੋਧਾਲਾ ‘ਚ ਹੜਕੰਪ ਮਚ ਗਿਆ ਹੈ। ਮੌਕੇ ‘ਤੇ ਫੋਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ।