ਨਵੀਂ ਦਿੱਲੀ (ਰਾਘਵ): ਪਹਿਲਾਂ ਹੀ ਭਿਆਨਕ ਗਰਮੀ ਅਤੇ ਪਾਣੀ ਲਈ ਤਰਸ ਰਹੀ ਦਿੱਲੀ ਨੂੰ ਅੱਜ ਸੁਪਰੀਮ ਕੋਰਟ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਵੀ ਵੱਡਾ ਝਟਕਾ ਲੱਗਾ ਹੈ। ਗੁਆਂਢੀ ਰਾਜਾਂ ਤੋਂ ਵਾਧੂ ਪਾਣੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚੀ ਦਿੱਲੀ ਸਰਕਾਰ ਦੀ ਪਟੀਸ਼ਨ ‘ਤੇ ਅਦਾਲਤ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਦਿੱਲੀ ਨੂੰ ਵਾਧੂ ਪਾਣੀ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਉਸ ਕੋਲ ਰਾਸ਼ਟਰੀ ਰਾਜਧਾਨੀ ਨੂੰ ਭੇਜਣ ਲਈ ਵਾਧੂ ਪਾਣੀ ਨਹੀਂ ਹੈ। ਇਸ ਤੋਂ ਇਕ ਦਿਨ ਪਹਿਲਾਂ ਪਹਾੜੀ ਰਾਜ ਨੇ ਕਿਹਾ ਸੀ ਕਿ ਉਸ ਨੇ ਦਿੱਲੀ ਲਈ ਪਾਣੀ ਛੱਡਿਆ ਹੈ ਅਤੇ ਸਪਲਾਈ ਹਰਿਆਣਾ ਵਿਚੋਂ ਲੰਘਣੀ ਹੈ। ਇਸ ਦੌਰਾਨ ਹਰਿਆਣਾ ‘ਤੇ ਪਾਣੀ ਨਾ ਛੱਡਣ ਦਾ ਦੋਸ਼ ਲਾਉਂਦਿਆਂ ਜਲ ਮੰਤਰੀ ਆਤਿਸ਼ੀ ਨੇ ਅਦਾਲਤ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕੀਤੀ ਸੀ। ਜਿਸ ‘ਤੇ ਅਦਾਲਤ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਦਿੱਲੀ ਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਦਿੱਲੀ ‘ਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਹਿਮਾਚਲ ਨੇ ਪਹਿਲਾਂ ਪਾਣੀ ਦੇਣ ਲਈ ਹਾਂ ਕਰ ਦਿੱਤੀ ਸੀ। ਪਰ ਹੁਣ ਸੁਣਵਾਈ ਦੌਰਾਨ ਹਿਮਾਚਲ ਨੇ ਪਾਣੀ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ‘ਯੂ ਟਰਨ’ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਨੇ ਪਹਿਲਾਂ ਦਿੱਲੀ ਨੂੰ 137 ਕਿਊਸਿਕ ਪਾਣੀ ਦੇਣ ਲਈ ਸਹਿਮਤੀ ਜਤਾਈ ਸੀ।