ਸ੍ਰੀ ਮੁਕਤਸਰ ਸਾਹਿਬ (ਰਾਘਵ): ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਣੀ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਮਾਹੌਲ ਭਖਿਆ ਹੋਇਆ ਹੈ ਤੇ ਕਈ ਪਿੰਡਾਂ ਵਿੱਚ ਸਹਿਮਤੀ ਨਾਲ ਪੰਚਾਇਤ ਦੀ ਚੋਣ ਵੀ ਹੋ ਚੁੱਕੀ ਹੈ। ਉਥੇ ਹੀ ਕਈ ਪਿੰਡ ਐਸੇ ਵੀ ਹਨ, ਜਿਥੇ ਬੋਲੀ ਲਗਾਕੇ ਸਰਪੰਚ ਦੀ ਚੋਣ ਹੋ ਰਹੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ। ਜਿਸ ਵਿੱਚ ਵੱਡੇ ਜਿਮੀਦਾਰਾਂ ਨੇ ਇੱਕ-ਦੂਜੇ ਨਾਲੋਂ ਵੱਧ ਚੜ੍ਹਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ 50 ਹਜ਼ਾਰ ਵਿੱਚ ਹੋ ਜਾਂਦਾ ਹੈ ਤੇ ਸਰਪੰਚ ਦੀ ਚੋਣ ਹੋ ਜਾਂਦੀ ਹੈ।