ਓਟਵਾ (ਸਾਹਿਬ) : ਕੈਨੇਡੀਅਨਜ਼ ਨੂੰ ਇਹ ਖਤਰਾ ਖੜ੍ਹਾ ਹੋ ਗਿਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (AI) ਕਾਰਨ ਉਨ੍ਹਾਂ ਦੀਆਂ ਨੌਕਰੀਆਂ ਖੁੱਸ ਸਕਦੀਆਂ ਹਨ। ਇਹੋ ਖ਼ਤਰਾ ਫੈਡਰਲ ਸਰਕਾਰ ਨੂੰ ਵੀ ਲੱਗ ਰਿਹਾ ਹੈ ਇਸੇ ਲਈ ਵਰਕਰਜ਼ ਦੀ ਸਕਿੱਲ ਟਰੇਨਿੰਗ ਲਈ ਸਰਕਾਰ ਵੱਲੋਂ 50 ਮਿਲੀਅਨ ਡਾਲਰ ਪਾਸੇ ਰੱਖੇ ਗਏ ਹਨ।
- ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਵਿੱਚ ਸਰਕਾਰ ਵੱਲੋਂ ਕੀਤੇ ਗਏ ਕਈ ਵਾਅਦਿਆਂ ਵਿੱਚੋਂ ਇੱਕ ਕੈਨੇਡਾ ਵਿੱਚ ਤਕਨਾਲੋਜੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਇੰਡਸਟਰੀ ਨੂੰ ਹੱਲਾਸ਼ੇਰੀ ਦੇਣ ਲਈ 2·3 ਬਿਲੀਅਨ ਡਾਲਰ ਰਾਖਵੇਂ ਰੱਖੇ ਜਾਣਾ ਵੀ ਮੁੱਖ ਸੀ। ਪਰ ਇਸ ਦੇ ਨਾਲ ਹੀ ਸਰਕਾਰ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਕਿ ਉਹ ਏਆਈ ਕਾਰਨ ਪ੍ਰਭਾਵਿਤ ਹੋਣ ਵਾਲੇ ਵਰਕਰਜ਼ ਦੀ ਮਦਦ ਲਈ ਅਗਲੇ ਚਾਰ ਸਾਲਾਂ ਵਿੱਚ 50 ਮਿਲੀਅਨ ਡਾਲਰ ਨਿਵੇਸ਼ ਕਰੇਗੀ। ਜਿਹੜੇ ਸੈਕਟਰਜ਼ ਤੇ ਕਮਿਊਨਿਟੀਜ਼ ਇਸ ਕਾਰਨ ਪ੍ਰਭਾਵਿਤ ਹੋਣਗੇ ਉਨ੍ਹਾਂ ਨੂੰ ਸੈਕਟੋਰਲ ਵਰਕਫੋਰਸ ਸੌਲੀਊਸ਼ਨਜ਼ ਪ੍ਰੋਗਰਾਮ ਰਾਹੀਂ ਨਵੀਂ ਸਕਿੱਲਜ਼ ਟਰੇਨਿੰਗ ਦਿੱਤੀ ਜਾਵੇਗੀ।
- ਯੂਨੀਵਰਸਿਟੀ ਆਫ ਵਾਟਰਲੂ ਵਿੱਚ ਇਕਨੌਮਿਕਸ ਦੇ ਐਸੋਸਿਏਟ ਪ੍ਰੋਫੈਸਰ ਜੋਇਲ ਬਲਿਟ ਨੇ ਆਖਿਆ ਕਿ ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਅਰਥਚਾਰੇ ਤੇ ਸਮਾਜ ਵਿੱਚ ਕਾਫੀ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ। ਕੁੱਝ ਨੌਕਰੀਆਂ ਖੁੱਸ ਜਾਣਗੀਆਂ ਜਦਕਿ ਕਈ ਹੋਰ ਨਵੀਆਂ ਨੌਕਰੀਆਂ ਪੈਦਾ ਵੀ ਹੋਣਗੀਆਂ।