ਸ਼੍ਰੀਨਗਰ (ਸਾਹਿਬ)— ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੋਮਵਾਰ ਸ਼ਾਮ ਨੂੰ ਸ਼ੱਕੀ ਅੱਤਵਾਦੀਆਂ ਨੇ ਇਕ ਪ੍ਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਬਾਰੀ ‘ਚ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਮਜ਼ਦੂਰ ਦੀ ਪਛਾਣ ਦਿਲਰਨਜੀਤ ਸਿੰਘ ਵਾਸੀ ਦੇਹਰਾਦੂਨ, ਉੱਤਰਾਖੰਡ ਵਜੋਂ ਹੋਈ ਹੈ। ਅੱਤਵਾਦੀਆਂ ਨੇ ਸੋਮਵਾਰ ਰਾਤ ਕਰੀਬ 9 ਵਜੇ ਦੱਖਣੀ ਕਸ਼ਮੀਰ ਜ਼ਿਲੇ ਦੇ ਹਰਪੋਰਾ ਇਲਾਕੇ ‘ਚ ਇਸ ਘਟਨਾ ਨੂੰ ਅੰਜਾਮ ਦਿੱਤਾ।
- ਦਿਲਰਨਜੀਤ ਸਿੰਘ ਨੂੰ ਪਹਿਲਾਂ ਸ਼ੋਪੀਆਂ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਕਸ਼ਮੀਰ ਵਿੱਚ ਹਾਲ ਹੀ ਵਿੱਚ ਟਾਰਗੇਟ ਕਿਲਿੰਗ ਦੇ ਮਾਮਲੇ ਵਧੇ ਹਨ।
- ਕਸ਼ਮੀਰ ਵਿੱਚ, ਅੱਤਵਾਦੀ ਹੁਣ ਫੌਜੀ ਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੋ ਮਹੀਨੇ ਪਹਿਲਾਂ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। 7 ਫਰਵਰੀ ਨੂੰ ਸ੍ਰੀਨਗਰ ਦੇ ਹੱਬਾ ਕਦਲ ਇਲਾਕੇ ‘ਚ ਦੋ ਸਿੱਖ ਨੌਜਵਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ ਅੰਮ੍ਰਿਤਪਾਲ ਸਿੰਘ (31) ਵਾਸੀ ਅੰਮ੍ਰਿਤਸਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਗੰਭੀਰ ਰੂਪ ਵਿਚ ਜ਼ਖਮੀ ਹੋਏ 25 ਸਾਲਾ ਰੋਹਿਤ ਵਾਸੀ ਅੰਮ੍ਰਿਤਸਰ ਦੀ ਅਗਲੇ ਦਿਨ ਹਸਪਤਾਲ ਵਿਚ ਮੌਤ ਹੋ ਗਈ।