ਨਵੀਂ ਦਿੱਲੀ (ਸਰਬ): ਰਾਜਧਾਨੀ ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ ‘ਚ ਅੱਜ ਸਵੇਰੇ ਇਕ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਲੋਕ ਗੰਭੀਰ ਰੂਪ ‘ਚ ਝੁਲਸਣ ਕਾਰਨ ਹਸਪਤਾਲ ‘ਚ ਭਰਤੀ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਤੜਕੇ 03:35 ਵਜੇ ਪੁਲਿਸ ਨੂੰ ਇੱਕ ਫੈਕਟਰੀ ਵਿੱਚ ਅੱਗ ਲੱਗਣ ਸਬੰਧੀ ਪੀ.ਸੀ.ਆਰ ਕਾਲ ਆਈ ਸੀ। ਉਸ ਸਮੇਂ ਅੰਦਰ ਲੋਕਾਂ ਦੇ ਫਸੇ ਹੋਣ ਦੀ ਕੋਈ ਸੂਚਨਾ ਨਹੀਂ ਸੀ। ਜਦੋਂ ਦਿੱਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਨਰੇਲਾ ਇੰਡਸਟਰੀਅਲ ਏਰੀਆ ਦੀ ਫੈਕਟਰੀ ਨੰਬਰ ਐਚ-1249 ਵਿੱਚ ਚੱਲ ਰਹੀ ਸ਼ਿਆਮ ਕ੍ਰਿਪਾ ਫੂਡਜ਼ ਪ੍ਰਾਈਵੇਟ ਲਿਮਟਿਡ ਨੂੰ ਅੱਗ ਲੱਗ ਗਈ ਸੀ। ਫੈਕਟਰੀ ਦੇ ਅੰਦਰ ਕੁਝ ਲੋਕ ਵੀ ਮੌਜੂਦ ਸਨ। ਇਸ ਫੈਕਟਰੀ ਵਿੱਚ ਮੂੰਗੀ ਦੀ ਦਾਲ ਸੁਕਾਉਣ ਦਾ ਕੰਮ ਕੀਤਾ ਜਾਂਦਾ ਸੀ।
ਪੁਲਿਸ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਨਾਲ ਫੈਕਟਰੀ ਦੇ ਅੰਦਰ ਫਸੇ ਕੁੱਲ 9 ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਨਰੇਲਾ ਦੇ ਐਸਐਚਆਰਸੀ ਹਸਪਤਾਲ ਵਿੱਚ ਦਾਖਲ ਕਰਵਾਇਆ। ਹਸਪਤਾਲ ਪੁੱਜਣ ‘ਤੇ ਡਾਕਟਰਾਂ ਨੇ ਜਾਂਚ ਤੋਂ ਬਾਅਦ 3 ਜ਼ਖਮੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ 6 ਹੋਰ ਝੁਲਸ ਗਏ ਲੋਕਾਂ ਨੂੰ ਇਲਾਜ ਲਈ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਸ ਫੈਕਟਰੀ ਦੇ ਮਾਲਕ ਅੰਕਿਤ ਗੁਪਤਾ ਅਤੇ ਵਿਨੈ ਗੁਪਤਾ ਹਨ, ਜੋ ਐੱਸ-7, ਰੋਹਿਣੀ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕੱਚੇ ਮੂੰਗੀ ਨੂੰ ਗੈਸ ਬਰਨਰ ‘ਤੇ ਭੁੰਨਿਆ ਜਾ ਰਿਹਾ ਸੀ, ਜਦੋਂ ਪਾਈਪਲਾਈਨ ‘ਚ ਗੈਸ ਲੀਕ ਹੋਣ ਕਾਰਨ ਅੱਗ ਫੈਲ ਗਈ, ਜਿਸ ਕਾਰਨ ਕੰਪ੍ਰੈਸਰ ਜ਼ਿਆਦਾ ਗਰਮ ਹੋ ਗਿਆ ਅਤੇ ਫਟ ਗਿਆ। ਪੁਲਿਸ ਨੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।