ਪੰਜਾਬ ਕਾਂਗਰਸ ਦੇ ਸੀਨੀਅਰ ਹਿੰਦੂ ਨੇਤਾ ਸੁਨੀਲ ਜਾਖੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਹ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੋਂ ਇਲਾਵਾ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਕੱਲ੍ਹ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।
ਜਾਖੜ ਨੇ ਕੁਝ ਦਿਨ ਪਹਿਲਾਂ ਹੀ ਅਨੁਸ਼ਾਸਨਹੀਣਤਾ ਦਾ ਨੋਟਿਸ ਮਿਲਣ ਤੋਂ ਬਾਅਦ ਕਾਂਗਰਸ ਛੱਡ ਦਿੱਤੀ ਸੀ। ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਨੂੰ ਕਈ ਗੱਲਾਂ ਸੁਣਾਈਆਂ। ਜਾਖੜ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਕਾਂਗਰਸ ਵਿੱਚ ਸੀ। ਇਸ ਸਮੇਂ ਉਨ੍ਹਾਂ ਦਾ ਤੀਜੀ ਪੀੜ੍ਹੀ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਵਿਧਾਇਕ ਬਣ ਚੁੱਕਾ ਹੈ।
ਸੁਨੀਲ ਜਾਖੜ ਇਸ ਕਾਰਨ ਹੋਏ ਦੁਖੀ
ਕਾਂਗਰਸ ਨੇ ਸੁਨੀਲ ਜਾਖੜ ਨੂੰ ਅਨੁਸ਼ਾਸਨਹੀਣਤਾ ਨੋਟਿਸ ਭੇਜਿਆ। ਜਿਸ ‘ਚ ਕਾਂਗਰਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਬਿਆਨਾਂ ਨੇ ਪਾਰਟੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਜਾਖੜ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਜਾਖੜ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਇਸ ਦੀ ਬਜਾਏ ਉਨ੍ਹਾਂ ਨੇ ਨੋਟਿਸ ਜਾਰੀ ਕਰ ਦਿੱਤੇ।