ਲੁਧਿਆਣਾ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ ਲੁਧਿਆਣਾ ਰੇਂਜ ਨੇ ਨਸ਼ਿਆਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ 2 ਕਿਲੋ 800 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਸਮੇਤ ਜਿੰਮ ਟਰੇਨਰ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ 25 ਸਾਲਾ ਜਸਪਾਲ ਸਿੰਘ ਉਰਫ ਦੀਪ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਐਸਟੀਐਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਸਿੰਘ ਵਾਸੀ ਸ਼ਿਮਲਾਪੁਰੀ, ਲੁਧਿਆਣਾ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਿਹਾ ਸੀ। ਇਹ ਪਹਿਲਾਂ ਜਿੰਮ ਟ੍ਰੇਨਰ ਸੀ, ਪਰ ਕੋਰੋਨਾ ਦੇ ਸਮੇਂ ਕੰਮ ਰੁਕ ਜਾਣ ਕਾਰਨ ਇਸ ਨੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸਦੇ ਬਾਅਦ ਸੂਚਨਾ ਦੇ ਆਧਾਰ ‘ਤੇ ਉਕਤ ਦੋਸ਼ੀ ਦੀ ਸਵਿਫਟ ਕਾਰ ਨੰਬਰ ਪੀਬੀ 11 ਏਡਬਲਯੂ 4241 ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 2 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਨ ਉਪਰੰਤ ਇਸ ਦੇ ਗਾਹਕਾਂ ਅਤੇ ਸਾਥੀਆਂ ਦਾ ਪਤਾ ਲਗਾਇਆ ਜਾਵੇਗਾ। ਇਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ, ਫਿਲਹਾਲ ਜਾਂਚ ਜਾਰੀ ਹੈ।