ਸਰਹਿੰਦ (ਹਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ 10 ਸਤੰਬਰ ਤੋਂ ਚੱਲ ਰਹੀ 3 ਰੋਜ਼ਾ ਸਮੂਹਿਕ ਛੁੱਟੀ ਲੈ ਕੇ ਕੀਤੀ ਹੜਤਾਲ ਵਿਚ ਜੱਥੇਬੰਦੀ ਆਗੂਆਂ ਨੇ 5 ਦਿਨਾਂ ਦੇ ਹੋਰ ਵਾਧੇ ਦਾ ਐਲਾਨ ਕੀਤਾ ਹੈ।
ਪੰਜਾਬ ਸਟੇਟ ਇਲੈਕਟਸਿਟੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਪੀ ਐਸ ਪੀ ਸੀ ਐਲ ਦੇ ਸੱਦੇ ਤੇ ਸਮੂਹ ਜੱਥੇਬੰਦੀਆਂ ਸਰਹਿੰਦ ਵੱਲੋ ਪੀ.ਐਸ.ਪੀ.ਸੀ.ਐਲ ਡਵੀਜਨ ਸਰਹਿੰਦ ਵਿਖੇ ਪਾਵਰਕਾਮ ਦੀ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਚਨਾਰਥਨ ਅਤੇ ਸਕੱਤਰ ਦਲਜੀਤ ਸਿੰਘ ਜੰਜੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਹੁਣ ਯੂਟਰਨ ਲਿਆ ਗਿਆ ਹੈ।
ਜਿਸ ਨੂੰ ਦੇਖਦੇ ਹੋਏ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਕੀਤੀ ਗਈ ਸੀ, ਪ੍ਰੰਤੂ ਸਰਕਾਰ ਵੱਲੋਂ ਕੋਈ ਵੀ ਢੁਕਵਾਂ ਜਵਾਬ ਨਾ ਦੇਣ ਤੇ ਕਾਮਿਆਂ ਵੱਲੋਂ ਸੰਘਰਸ਼ ਦੀ ਨੀਤੀ ਨੂੰ ਹੋਰ ਅੱਗੇ ਵਧਾਉਂਦਿਆਂ 17 ਸਤੰਬਰ 2024 ਤੱਕ ਇਹ ਹੜਤਾਲ ਕੀਤੀ ਗਈ ਹੈ। ਜਿਸ ਦੌਰਾਨ ਸਮੂਹਿਕ ਛੁੱਟੀ ਲਗਾਤਾਰ ਜਾਰੀ ਰਹੇਗੀ।