ਅੰਮ੍ਰਿਤਸਰ (ਹਰਮੀਤ) :ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਦੱਸਿਆ ਕਿ ਇਸ ਦਿਨ ਤਰਨਤਾਰਨ ਵਿਖੇ ਸਵੇਰੇ 11 ਵਜੇ ਤੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੱਢਿਆ ਜਾਵੇਗਾ। 13 ਅਗਸਤ ਨੂੰ ਹੁਸ਼ਿਆਰਪੁਰ ਵਿਚ ਵੀ ਆਜ਼ਾਦੀ ਮਾਰਚ ਕੱਢਿਆ ਜਾਵੇਗਾ।
ਦਲ ਖਾਲਸਾ ਇੰਟਰਨੈਸ਼ਨਲ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਮਾਨ ਸਿੰਘ ਮਾਨ ਤੇ ਉਪਕਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਅਕਾਲੀ ਦਲ ਦਾ ਮੁਖੀ ਸੁਖਬੀਰ ਬਾਦਲ ਇਕੱਲਾ ਦੋਸ਼ੀ ਨਹੀਂ ਹੈ, ਬਲਕਿ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਬਰਾਬਰ ਦੇ ਦੋਸ਼ੀ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੈ। ਇਹ ਪਾਰਟੀ ਦੀ ਹੋਂਦ ਦੀ ਲੜਾਈ ਹੈ, ਸੁਖਬੀਰ ਅਤੇ ਬਾਗੀ ਧੜੇ ਦੀ ਇਸ ਲੜਾਈ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਸਿੰਘ ਸਾਹਿਬਾਨਾਂ ਨੂੰ ਇਕ ਵਾਰ ਫਿਰ ਤੋਂ ਸੁਖਬੀਰ ਨੇ ਮੋਹਰਾ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਹੋਂਦ ਦੀ ਲੜਾਈ ਵਿਚ ਧੱਕੇ ਨਾਲ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਇਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੇ ਹੈ।