ਅਬੂਜਾ (ਰਾਘਵ): ਅਫਰੀਕੀ ਦੇਸ਼ ਨਾਈਜੀਰੀਆ ‘ਚ ਇਕ ਸਕੂਲ ਦੀ ਇਮਾਰਤ ਡਿੱਗਣ ਨਾਲ 22 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਉੱਤਰੀ-ਮੱਧ ਨਾਈਜੀਰੀਆ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੀ ਜਦੋਂ ਬੱਚੇ ਕਲਾਸ ਵਿੱਚ ਸਨ। ਹਾਦਸੇ ਤੋਂ ਬਾਅਦ ਮਲਬੇ ਹੇਠ ਦੱਬੇ 100 ਤੋਂ ਵੱਧ ਲੋਕਾਂ ਨੂੰ ਕੱਢਣ ਲਈ ਬਚਾਅ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਵਿਦਿਆਰਥੀ ਸੇਂਟਸ ਅਕੈਡਮੀ ਕਾਲਜ ਪੁੱਜੇ ਹੀ ਸਨ ਕਿ ਸਕੂਲ ਦੀ ਇਮਾਰਤ ਡਿੱਗ ਗਈ। ਮਰਨ ਵਾਲੇ ਵਿਦਿਆਰਥੀਆਂ ਦੀ ਉਮਰ 15 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਮਾਰਤ ਡਿੱਗਣ ਨਾਲ 154 ਵਿਦਿਆਰਥੀ ਮਲਬੇ ਹੇਠਾਂ ਦੱਬ ਗਏ ਸਨ ਪਰ ਇਨ੍ਹਾਂ ‘ਚੋਂ 132 ਨੂੰ ਬਚਾ ਲਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਬਚਾਅ ਅਤੇ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਹਾਦਸੇ ਵਾਲੀ ਥਾਂ ‘ਤੇ ਤਾਇਨਾਤ ਕੀਤਾ। ਨਾਈਜੀਰੀਆ ਦੀ ਸਰਕਾਰ ਨੇ ਤੁਰੰਤ ਡਾਕਟਰੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ ਨੂੰ ਬਿਨਾਂ ਕਿਸੇ ਦਸਤਾਵੇਜ਼ ਜਾਂ ਭੁਗਤਾਨ ਦੇ ਇਲਾਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਸਰਕਾਰ ਨੇ ਇਸ ਦਰਦਨਾਕ ਹਾਦਸੇ ਲਈ ਸਕੂਲ ਦੇ ਕਮਜ਼ੋਰ ਢਾਂਚੇ ਅਤੇ ਦਰਿਆ ਦੇ ਕੰਢੇ ਸਥਿਤ ਇਸ ਦੀ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।