ਬਟਾਲੇ ਦੇ ਨੇੜਲੇ ਪਿੰਡ ਧਾਰੀਵਾਲ ਭੋਜਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿਨ ਦਿਹਾੜੇ ਅਗਨ ਭੇਟ ਹੋ ਗਏ ਹਨ। ਜਿਸ ਕਾਰਨ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੀਰਵਾਰ ਦੀ ਸ਼ਾਮ ਨੂੰ ਜਦੋਂ ਪਿੰਡ ਦੀ ਹੀ ਇਕ ਬੀਬੀ ਸੁਖਚੈਨ ਕੌਰ ਪਤਨੀ ਦਲਵਿੰਦਰ ਸਿੰਘ ਜੋ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਜਦੋਂ ਉਸਨੇ ਗੁਰਦੁਆਰਾ ਸਾਹਿਬ ਦੇ ਹਾਲ ਦਾ ਅੰਦਰਲਾ ਹਿੱਸਾ ਵੇਖਿਆ ਤਾਂ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਚੁੱਕਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਹੋਰ ਨੇੜੇ ਪਈ ਸਮੱਗਰੀ ਅਤੇ ਗੁਟਕਾ ਸਾਹਿਬ ਵੀ ਅਗਨ ਭੇਟ ਹੋ ਚੁੱਕੇ ਸਨ। ਇਸ ਉਪਰੰਤ ਬੀਬੀ ਸੁਖਚੈਨ ਕੌਰ ਨੇ ਇਸ ਦੀ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ। ਜਿਸ ਉਪਰੰਤ ਜਥੇਦਾਰ ਗੁਰਮੁੱਖ ਸਿੰਘ, ਸੁਖਦੇਵ ਸਿੰਘ, ਮਾਸਟਰ ਦਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਤੁਰੰਤ ਸੰਗਤ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਪਰ ਉਦੋਂ ਤੱਕ ਗੁਰਦੁਆਰਾ ਸਾਹਿਬ ਅੰਦਰ ਕਾਫ਼ੀ ਦਰਦਨਾਕ ਭਾਣਾ ਵਰਤ ਚੁੱਕਾ ਸੀ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਅਤੇ ਇਸ ਤੋਂ ਇਲਾਵਾ ਥਾਣਾ ਸੇਖਵਾਂ ਦੀ ਪੁਲਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ।
ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ ਮੈਨੇਜਰ ਸੰਤੋਖ ਸਿੰਘ ਅਤੇ ਹੈਡ ਗ੍ਰੰਥੀ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਗੁਰਦੁਆਰਾ ਸਾਹਿਬ ਪਹੁੰਚੀ। ਜਿੱਥੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਖੁਸ਼ਕਿਸਮਤੀ ਨਾਲ ਬਚੇ ਹੋਏ ਤਿੰਨ ਸਰੂਪਾਂ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਪਹੁੰਚਾਇਆ। ਇਸ ਤੋਂ ਇਲਾਵਾ ਅਗਨ ਭੇਟ ਹੋ ਚੁੱਕੇ ਸਰੂਪ ਦੀ ਰਾਖ ਅਤੇ ਹੋਰ ਜ਼ਰੂਰੀ ਸਾਮਾਨ ਨੂੰ ਵੀ ਮਰਿਆਦਾ ਦੇ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਚੁੱਕ ਲਿਆ ਹੈ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਨੇ ਦੱਸਿਆ ਕਿ ਉਹ ਜਦੋਂ ਗੁਰਦੁਆਰਾ ਸਾਹਿਬ ਪੁਹੰਚੇ ਤਾਂ ਗੁਰਦੁਆਰਾ ਸਾਹਿਬ ਦੇ ਅੰਦਰਲੇ ਹਾਲਾਤ ਦੇਖ ਕੇ ਉਹ ਬਹੁਤ ਗਮਗੀਨ ਹੋ ਗਏ| ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਹੀ ਰਹਿਰਾਸ ਸਾਹਿਬ ਦੀ ਸੇਵਾ ਨਿਭਾਉਂਦੇ ਹਨ।
ਗੱਲਬਾਤ ਕਰਦੇ ਹੋਏ ਗੁਰਦੁਆਰਾ ਬੁਰਜ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਅਤੇ ਮੌਕੇ ਦੇ ਹਾਲਾਤਾਂ ਅਨੁਸਾਰ ਇਹ ਅੱਗ ਬਿਜ਼ਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਥਾਣਾ ਸੇਖਵਾਂ ਦੇ ਮੁਖੀ ਕਿਰਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਵੀ ਕਾਨੂੰਨੀ ਨੁਕਤਿਆਂ ਤੋਂ ਅਤੇ ਧਰਮ ਧਾਰਮਕ ਮਹੱਤਤਾ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਪੁਲਸ ਵਲੋਂ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।