ਹੈਦਰਾਬਾਦ (ਜਸਪ੍ਰੀਤ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਤੇਲੰਗਾਨਾ ਦੇ ਦਾਮਗੁੰਡਮ ਜੰਗਲੀ ਖੇਤਰ ‘ਚ ਜਲ ਸੈਨਾ ਦੇ ਵੇਰੀ ਲੋ ਫ੍ਰੀਕੁਐਂਸੀ (VLF) ਰਾਡਾਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਸਾਰਿਆਂ ਨੂੰ ਜੋੜਨ ਵਿੱਚ ਵਿਸ਼ਵਾਸ ਰੱਖਦਾ ਹੈ, ਵੰਡਣ ਵਿੱਚ ਨਹੀਂ। ਇਸ ਲਈ ਅਸੀਂ ਆਪਣੇ ਦੋਸਤ ਗੁਆਂਢੀ ਦੇਸ਼ਾਂ ਨੂੰ ਨਾਲ ਲੈ ਕੇ ਚੱਲਣ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ। ਭਾਰਤ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਨ ਵਾਲੇ ਗੁਆਂਢੀ ਦੇਸ਼ਾਂ ਨੂੰ ਇਹ ਸੰਦੇਸ਼ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਇੱਕ ਸਮੂਹਿਕ ਯਤਨ ਹੈ। ਬਾਹਰੀ ਤਾਕਤਾਂ ਨੂੰ ਸੱਦਾ ਦੇਣ ਨਾਲ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਇੱਕ ਵਾਰ ਜਲ ਸੈਨਾ ਦਾ ਵੀਐਲਐਫ ਕਾਰਜਸ਼ੀਲ ਹੋ ਗਿਆ ਤਾਂ ਇਹ ਸਮੁੰਦਰੀ ਬਲਾਂ ਲਈ ਮਹੱਤਵਪੂਰਨ ਹੋਵੇਗਾ। ਇਹ ਰਾਡਾਰ ਸਟੇਸ਼ਨ, ਜੋ ਕਿ ਤੇਲੰਗਾਨਾ ਦੇ ਵਿਕਰਾਬਾਦ ਵਿੱਚ ਬਣਨ ਜਾ ਰਿਹਾ ਹੈ, ਦੇਸ਼ ਵਿੱਚ ਜਲ ਸੈਨਾ ਦਾ ਦੂਜਾ VLF ਸੰਚਾਰ ਟ੍ਰਾਂਸਮਿਸ਼ਨ ਸਟੇਸ਼ਨ ਹੈ। ਤਿਰੂਨੇਲਵੇਲੀ, ਤਾਮਿਲਨਾਡੂ ਵਿਖੇ ਆਈਐਨਐਸ ਕਟਾਬੋਮਨ ਰਾਡਾਰ ਸਟੇਸ਼ਨ ਆਪਣੀ ਕਿਸਮ ਦਾ ਪਹਿਲਾ ਹੈ। ਤੇਲੰਗਾਨਾ ਸਰਕਾਰ ਦੇ ਇਕ ਬਿਆਨ ਮੁਤਾਬਕ ਰਾਡਾਰ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਮੌਕੇ ਰਾਜ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ ਅਤੇ ਕੇਂਦਰੀ ਮੰਤਰੀ ਬਾਂਡੀ ਸੰਜੇ ਕੁਮਾਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਹੈਦਰਾਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਇਹ ਤੇਲੰਗਾਨਾ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਦੇਸ਼ ਦਾ ਦੂਜਾ ਪ੍ਰੋਜੈਕਟ (ਰਾਡਾਰ ਸਟੇਸ਼ਨ) ਹੈ, ਜੋ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ।