ਲੁਧਿਆਣਾ ਵਿੱਚ ਮੁੱਲਾਂਪੁਰ ਦੇ ਰੇਲਵੇ ਕੁਆਟਰਾਂ ਵਿੱਚ ਰਹਿਣ ਵਾਲੇ ਦਰਜਾ ਚਾਰ ਦੇ ਮੁਲਾਜ਼ਮ, ਉਸ ਦੇ ਪੁੱਤਰ, ਨੂੰਹ ਅਤੇ ਪੋਤੀ ਦੀ ਲਾਸ਼ ਮਿਲੀ। ਸਵੇਰੇ ਚਾਰਾਂ ਦੀਆਂ ਲਾਸ਼ਾਂ ਕਮਰੇ ਵਿੱਚੋਂ ਮਿਲੀਆਂ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਾਖਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕਾਂ ਦੀ ਪਛਾਣ ਗੈਂਗਮੈਨ ਸੁਖਦੇਵ ਸਿੰਘ ਪਿੰਡ ਮਿਆਣੀ (56), ਉਸ ਦੇ ਲੜਕੇ ਜਗਦੀਪ ਸਿੰਘ (28), ਨੂੰਹ ਜੋਤੀ (26) ਅਤੇ ਪੋਤੀ ਜੋਤ (2) ਵਜੋਂ ਹੋਈ ਹੈ। ਚਾਰਾਂ ਲਾਸ਼ਾਂ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਸਾਰਿਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ ਸੁਖਦੇਵ ਸਿੰਘ ਦੇ ਦੂਜੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਰੇਲਵੇ ਵਿਭਾਗ ਵਿੱਚ ਦਰਜਾ ਚਾਰ ਦਾ ਮੁਲਾਜ਼ਮ ਸੀ ਅਤੇ ਮੁੱਲਾਂਪੁਰ ਦੀ ਰੇਲਵੇ ਕਾਲੋਨੀ ਵਿੱਚ ਬਣੇ ਕੁਆਰਟਰ ਵਿੱਚ ਰਹਿੰਦੇ ਸੀ। ਸੋਮਵਾਰ ਨੂੰ ਉਸ ਦੇ ਪਿਤਾ ਨੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਸੀ।
ਇਸ ਦੌਰਾਨ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਧੀ ਅਤੇ ਜਵਾਈ ਵੀ ਘਰ ਆਏ ਹੋਏ ਸਨ। ਰਾਤ ਨੂੰ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ, ਜਿਸ ਤੋਂ ਬਾਅਦ ਉਸ ਦਾ ਪਿਤਾ ਸੁਖਦੇਵ ਸਿੰਘ, ਭਰਾ ਜਗਦੀਪ ਸਿੰਘ, ਭਰਜਾਈ ਜੋਤੀ ਅਤੇ ਭਤੀਜੀ ਜੋਤ ਇੱਕ ਕਮਰੇ ਵਿੱਚ ਸੌਂ ਗਏ। ਉਸ ਦੀ ਮਾਂ ਬਲਬੀਰ ਕੌਰ, ਭੈਣ ਅਤੇ ਜੀਜਾ ਆਪਣੇ ਬੱਚਿਆਂ ਨਾਲ ਦੂਜੇ ਕਮਰੇ ਵਿੱਚ ਸੌ ਗਏ।