ਫਰੀਦਾਬਾਦ (ਰਾਘਵ): ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਐੱਸਐੱਸਟੀ ਟੀਮ ਦੇ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਚੋਣ ਡਿਊਟੀ ਦੌਰਾਨ ਗੈਰ-ਹਾਜ਼ਰ ਰਹਿਣ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ‘ਚ ਥਾਣਾ ਛਾਉਣੀ ਦੀ ਪੁਲਸ ਨੇ ਉਦਯੋਗਿਕ ਅਤੇ ਫੂਡ ਸੇਫਟੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਵਿੰਦਰ ਮਲਿਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਹਰਿਆਣਾ ਦੇ ਫਰੀਦਾਬਾਦ ਦਾ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ 85-ਪ੍ਰਿਥਲਾ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਚੌਕਸੀ ਰੱਖਣ ਲਈ ਉਦਯੋਗਿਕ ਅਤੇ ਫੂਡ ਸੇਫਟੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਵਿੰਦਰ ਮਲਿਕ ਨੂੰ ਐਸ.ਐਸ.ਟੀ ਟੀਮ ਨੰਬਰ ਤਿੰਨ ਵਿੱਚ ਨਿਯੁਕਤ ਕੀਤਾ ਗਿਆ ਸੀ। 21 ਸਤੰਬਰ ਨੂੰ ਟੀਮ ਵਿੱਚ ਉਸਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸੀ।
ਪ੍ਰਿਥਲਾ ਵਿਧਾਨ ਸਭਾ ਦੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 26 ਸਤੰਬਰ ਨੂੰ ਜਨਰਲ ਸੁਪਰਵਾਈਜ਼ਰ ਵੱਲੋਂ ਰਾਤ ਸਮੇਂ ਗਠਿਤ ਟੀਮ ਦੇ ਕੰਮਕਾਜ ਦੀ ਜਾਂਚ ਕੀਤੀ ਗਈ ਸੀ। ਇਸ ਦੌਰਾਨ ਪਤਾ ਲੱਗਾ ਕਿ ਉਦਯੋਗਿਕ ਅਤੇ ਫੂਡ ਸੇਫਟੀ ਵਿਭਾਗ ਦੇ ਡਿਪਟੀ ਡਾਇਰੈਕਟਰ ਐਸ.ਐਸ.ਟੀ ਟੀਮ ਨੰਬਰ ਤਿੰਨ ਵਿੱਚ ਤਾਇਨਾਤ ਰਵਿੰਦਰ ਮਲਿਕ ਆਪਣੀ ਨਿਰਧਾਰਤ ਡਿਊਟੀ ਤੋਂ ਗੈਰਹਾਜ਼ਰ ਸਨ ਅਤੇ ਉਨ੍ਹਾਂ ਦੀ ਥਾਂ ਕੋਈ ਹੋਰ ਵਿਅਕਤੀ ਡਿਊਟੀ ਕਰ ਰਿਹਾ ਸੀ।